ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 5 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਨੇ ਅੱਜ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਐਤਵਾਰ ਨੂੰ ਵਾਪਰੀਆਂ ਘਟਨਾਵਾਂ ਤੇ ਘਰਾਂ ਨੂੰ ਪਰਤ ਰਹੇ ਕਿਸਾਨਾਂ ਨੂੰ ਐੱਸਯੂਵੀ ਹੇਠ ਦਰੜੇ ਜਾਣ ਦੀ ਵੀਡੀਓ ਸਾਹਮਣੇ ਆਉਣ ਨਾਲ ਸੱਚ ਜੱਗ ਜ਼ਾਹਿਰ ਹੋ ਗਿਆ ਹੈ। ਕਿਸਾਨ ਆਗੂ ਡਾ. ਦਰਸ਼ਨ ਪਾਲ ਤੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਮੰਤਰੀ ਦੇ ਵਾਹਨਾਂ ਨੇ ਸ਼ਾਂਤੀਪੂਰਵਕ ਚੱਲ ਰਹੇ ਪ੍ਰਦਰਸ਼ਨਕਾਰੀਆਂ ਨੂੰ ਟੱਕਰ ਮਾਰ ਦਿੱਤੀ, ਜੋ ਵਿਰੋਧ ਮਗਰੋਂ ਪਰਤ ਰਹੇ ਸਨ। ਉਨ੍ਹਾਂ ਕਿਹਾ ਕਿ ਬਹੁਤੇ ਚਸ਼ਮਦੀਦ ਗਵਾਹ ਇਹ ਵੀ ਦੱਸਦੇ ਹਨ ਕਿ ਕੇਂਦਰੀ ਮੰਤਰੀ ਦਾ ਪੁੱਤਰ ਹੀ ‘ਥਾਰ’ ਗੱਡੀ ਚਲਾ ਰਿਹਾ ਸੀ, ਜਿਸ ਤੋਂ ਬਾਅਦ ਉਹ ਪੁਲੀਸ ਦੇ ਸਾਹਮਣੇ ਭੱਜ ਨਿਕਲਿਆ। ਆਗੂਆਂ ਨੇ ਪੱਤਰਕਾਰ ਰਮਨ ਕਸ਼ਯਪ ਦੇ ਪਰਿਵਾਰ ਦੇ ਹਵਾਲੇ ਨਾਲ ਕਿਹਾ ਕਿ ਉਸ ਨੂੰ ਵਾਹਨਾਂ ਨੇ ਕੁਚਲ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋਈ। ਜਗਮੋਹਨ ਸਿੰਘ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਵੱਲੋਂ ਦਿੱਤੇ ਗਏ ਉਸ ਬਿਆਨ ਨੂੰ ਝੂਠਾ ਕਰਾਰ ਦਿੱਤਾ ਜਿਸ ਵਿੱਚ ਉਨ੍ਹਾਂ ਕਿਹਾ ਸੀ, ‘‘ਉਹ ਤੇ ਪੁੱਤਰ ਆਸ਼ੀਸ਼ ਮਿਸ਼ਰਾ ਉਸ ਸਮੇਂ ਘਟਨਾ ਵਾਲੀ ਥਾਂ ’ਤੇ ਮੌਜੂਦ ਨਹੀਂ ਸਨ।’ ਮੋਰਚੇ ਨੇ ਸਪਸ਼ਟ ਕੀਤਾ ਕਿ ਯੂਪੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਮਝੌਤਾ ਸਿਰਫ਼ ਸ਼ਹੀਦ ਕਿਸਾਨਾਂ ਦੇ ਸਸਕਾਰ ਲਈ ਰਾਹ ਪੱਧਰਾ ਕਰਨ ਦੇ ਇਰਾਦੇ ਨਾਲ ਹੀ ਕੀਤਾ ਗਿਆ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਮੋਰਚੇ ਦੀਆਂ ਮੁੱਖ ਮੰਗਾਂ ਅਜੇ ਵੀ ਬਾਕੀ ਹਨ ਤੇ ਉੱਤਰ ਪ੍ਰਦੇਸ਼ ਪੁਲੀਸ ਆਸ਼ੀਸ਼ ਮਿਸ਼ਰਾ ਤੇ ਉਸ ਦੇ ਸਾਥੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ। ਮੋਰਚੇ ਨੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਵੀ ਕੀਤੀ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ ਕਿ ਮੌਜੂਦਾ ਸਰਕਾਰ ਵਿੱਚ ਨੈਤਿਕਤਾ ਦੀ ਘਾਟ ਪਹਿਲਾਂ ਹੀ ਬੇਨਕਾਬ ਹੋ ਚੁੱਕੀ ਹੈ ਤੇ ਮੋਰਚਾ ਉਕਤ ਮੰਗਾਂ ਨੂੰ ਪੂਰਾ ਕਰਨ ਲਈ ਐਕਸ਼ਨ ਪ੍ਰੋਗਰਾਮ ਦਾ ਐਲਾਨ ਕਰੇਗਾ ਤੇ ਉੱਦੋਂ ਤੱਕ ਅੰਦੋਲਨ ਬੰਦ ਨਹੀਂ ਹੋਵੇਗਾ। ਮੋਰਚੇ ਨੇ ਗੁਰਨਾਮ ਸਿੰਘ ਚੜੂਨੀ ਨੂੰ ਗ੍ਰਿਫ਼ਤਾਰ ਕਰਨ ਤੇ ਸ਼ਹੀਦ ਕਿਸਾਨਾਂ ਦੇ ਸਸਕਾਰਾਂ ਵਿੱਚ ਸ਼ਾਮਲ ਹੋਣ ਜਾ ਰਹੇ ਕਿਸਾਨ ਆਗੂਆਂ ਨੂੰ ਯੂਪੀ ਪੁਲੀਸ ਵੱਲੋਂ ਰੋਕੇ ਜਾਣ ਦੀ ਨਿੰਦਾ ਕੀਤੀ।