ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 21 ਸਤੰਬਰ
ਉੱਤਰ-ਪੂਰਬੀ ਦਿੱਲੀ ਦੇ ਸੀਮਾਪੁਰੀ ਇਲਾਕੇ ਵਿੱਚ ਅੱਜ ਤੜਕੇ ਇੱਕ ਤੇਜ਼ ਰਫ਼ਤਾਰ ਟਰੱਕ ਸੜਕ ਦੇ ਡਿਵਾਈਡਰ ’ਤੇ ਸੁੱਤੇ ਪਏ ਛੇ ਲੋਕਾਂ ਉਤੇ ਚੜ੍ਹ ਗਿਆ, ਜਿਸ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਦੋ ਹੋਰ ਜ਼ਖ਼ਮੀ ਹੋ ਗਏ। ਸੀਸੀਟੀਵੀ ਫੁਟੇਜ ਮੁਤਾਬਕ, ਇਹ ਘਟਨਾ ਅੱਜ ਤੜਕੇ 1.51 ਵਜੇ ਵਾਪਰੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਸ ਫੁਟੇਜ ਵਿੱਚ ਇੱਕ ਟਰੱਕ ਡੀਟੀਸੀ ਡਿੱਪੂ ਟਰੈਫਿਕ ਸਿਗਨਲ ਨੂੰ ਪਾਰ ਕਰਦਾ ਹੋਇਆ ਡਿਵਾਈਡਰ ’ਤੇ ਸੁੱਤੇ ਪਏ ਲੋਕਾਂ ਨੂੰ ਕੁਚਲਦਾ ਹੋਇਆ ਨਜ਼ਰ ਆ ਰਿਹਾ ਹੈ।
ਪੁਲੀਸ ਡਿਪਟੀ ਕਮਿਸ਼ਨਰ (ਸ਼ਾਹਦਰਾ) ਆਰ. ਸੱਤਿਆਸੁੰਦਰਮ ਨੇ ਦੱਸਿਆ ਕਿ ਡਰਾਈਵਰ ਲਾਪ੍ਰਵਾਹੀ ਨਾਲ ਵਾਹਨ ਚਲਾ ਰਿਹਾ ਸੀ। ਪੁਲੀਸ ਮੁਤਾਬਕ, ਦੋ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਚਾਰ ਜ਼ਖ਼ਮੀਆਂ ਨੂੰ ਜੀਟੀਬੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇੱਕ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਦੂਜੇ ਦੀ ਇਲਾਜ ਦੌਰਾਨ ਮੌਤ ਹੋ ਗਈ। ਟਰੱਕ ਦੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਕਾਰਨ ਸਟਰੀਟ ਲਾਈਟ ਬੰਦ ਹੋ ਗਈ। ਮ੍ਰਿਤਕਾਂ ਦੀ ਪਛਾਣ ਕਰੀਮ (52), ਛੋਟੇ ਖਾਨ (25), ਸ਼ਾਹ ਆਲਮ (38) ਵਾਸੀ ਨਿਊ ਸੀਮਾਪੁਰੀ ਅਤੇ ਰਾਹੁਲ (45) ਵਾਸੀ ਉਤਰ ਪ੍ਰਦੇਸ਼ ਦੇ ਸਾਹਿਬਾਬਾਦ ਦੇ ਸ਼ਾਲੀਮਾਰ ਗਾਰਡਨ ਵਜੋਂ ਹੋਈ ਹੈ। ਮਨੀਸ਼ ਸਾਹਿਬਾਬਾਦ ਤੇ ਪ੍ਰਦੀਪ ਤਾਹਿਰਪੁਰ ਜ਼ਖ਼ਮੀ ਹੋਏ। ਪੁਲੀਸ ਨੇ ਦੱਸਿਆ ਕਿ ਪ੍ਰਦੀਪ ਦੀ ਲੱਤ ਵਿੱਚ ਫਰੈਕਚਰ ਹੋ ਗਿਆ ਹੈ। ਉਹ ਘਟਨਾ ਕਾਰਨ ਡਰ ਗਿਆ ਸੀ ਅਤੇ ਕਬਾੜ ਵਾਲੇ ਥੈਲਿਆਂ ਪਿੱਛੇ ਲੁਕ ਗਿਆ ਸੀ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਡਰਾਈਵਰ ਸਿਧੀਰ ਕੁਮਾਰ (36) ਨੂੰ ਗ੍ਰਿਫ਼ਤਾਰ ਕਰ ਲਿਆ ਹੈ।