ਸਾਮਾਨ ਲਤੀਫ਼
ਸ੍ਰੀਨਗਰ, 2 ਜੂਨ
ਕਸ਼ਮੀਰ ਵਿੱਚ ਮਿੱਥ ਕੇ ਕੀਤੀਆਂ ਜਾ ਰਹੀਆਂ ਹੱਤਿਆਵਾਂ ਵਿਚਾਲੇ ਵਾਦੀ ਵਿੱਚ ਕਸ਼ਮੀਰੀ ਪੰਡਿਤ ਮੁਲਾਜ਼ਮਾਂ ’ਚ ਵੱਡੀ ਪੱਧਰ ’ਤੇ ਹਿਜਰਤ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਅੱਜ ਵੀ ਹਥਿਆਰਬੰਦ ਅਤਿਵਾਦੀ ਵੱਲੋਂ ਕਸ਼ਮੀਰ ਵਿੱਚ ਇਕ ਪਰਵਾਸੀ ਬੈਂਕ ਮੈਨੇਜਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਤਿੰਨ ਦਿਨਾਂ ਵਿੱਚ ਮਿੱਥ ਕੇ ਹੱਤਿਆ ਕਰਨ ਦੀ ਇਹ ਦੂਜੀ ਘਟਨਾ ਹੈ। ਕੁਝ ਪਰਵਾਸੀ ਭਲਕੇ ਜਦਕਿ ਬਾਕੀ ਐਤਵਾਰ ਨੂੰ ਕਸ਼ਮੀਰ ਛੱਡਣਗੇ। ਹੁਣ ਪਰਵਾਸੀ ਭਲਕੇ ਨਵਯੁੱਗ ਸੁਰੰਗ ਤੋਂ ਪਾਰ ਇਕੱਤਰ ਹੋਣਗੇ।
ਪਰਵਾਸੀਆਂ ਦੇ ਟਰਾਂਜ਼ਿਟ ਕੈਂਪਾਂ ਦੀ ਰਾਖੀ ਕਰਨ ਵਾਲੇ ਪੁਲੀਸ ਅਧਿਕਾਰੀਆਂ ਨੂੰ ਹਾਲਾਤ ’ਤੇ ਨਜ਼ਰ ਰੱਖਣ ਅਤੇ ਮੁਲਾਜ਼ਮਾਂ ਦੀ ਹਿਜਰਤ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਦੇ ਰਹਿਣ ਲਈ ਕਿਹਾ ਗਿਆ ਹੈ। ਇਕ ਪੁਲੀਸ ਅਧਿਕਾਰੀ ਨੇ ਟ੍ਰਿਬਿਊਨ ਨਾਲ ਗੱਲਬਾਤ ਦੌਰਾਨ ਕਿਹਾ, ‘‘ਸਾਨੂੰ ਹਾਲਾਤ ’ਤੇ ਨਜ਼ਰ ਰੱਖਣ ਅਤੇ ਪੰਡਿਤਾਂ ਦੀ ਹਿਜਰਤ ਬਾਰੇ ਚੋਟੀ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਉਂਦੇ ਰਹਿਣ ਲਈ ਕਿਹਾ ਗਿਆ ਹੈ।’’ਪਰਵਾਸੀ ਮੁਲਾਜ਼ਮਾਂ ਵੱਲੋਂ ਟਰਾਂਜ਼ਿਟ ਕੈਂਪਾਂ ਅੰਦਰ ਲੱਗੇ ਟੈਂਟ ਪੁੱਟ ਦਿੱਤੇ ਗਏ ਹਨ। ਇੱਥੇ ਉਹ ਕਸ਼ਮੀਰ ਵਿੱਚ ਮਿੱਥ ਕੇ ਕੀਤੀਆਂ ਜਾ ਰਹੀਆਂ ਹੱਤਿਆਵਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਪੁਲੀਸ ਅਧਿਕਾਰੀ ਨੇ ਕਿਹਾ, ‘‘ਇਨ੍ਹਾਂ ਪਰਵਾਸੀ ਮੁਲਾਜ਼ਮਾਂ ਵਿੱਚੋਂ ਕੁਝ ਸ਼ੁੱਕਰਵਾਰ ਸਵੇਰੇ ਜਦਕਿ ਬਾਕੀ ਐਤਵਾਰ ਨੂੰ ਰਵਾਨਾ ਹੋਣਗੇ।’’ ਅੱਜ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਰਾਜਸਥਾਨ ਨਾਲ ਸਬੰਧਤ ਇਕ ਬੈਂਕ ਮੈਨੇਜਰ ਵਿਜੈ ਕੁਮਾਰ (29) ਦੀ ਸ਼ੱਕੀ ਅਤਿਵਾਦੀਆਂ ਵੱਲੋਂ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਕੁਝ ਹੀ ਮਿੰਟਾਂ ਬਾਅਦ ਵੱਡੀ ਗਿਣਤੀ ਪਰਵਾਸੀਆਂ ਵੱਲੋਂ ਕਸ਼ਮੀਰ ਛੱਡਣ ਦਾ ਫ਼ੈਸਲਾ ਸਾਹਮਣੇ ਆਇਆ।
ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦੇ ਕੋਆਰਡੀਨੇਟਰ ਅਮਿਤ ਰੈਣਾ ਨੇ ਕਿਹਾ ਕਿ ਵੱਖ-ਵੱਖ ਟਰਾਂਜ਼ਿਟ ਕੈਂਪਾਂ ’ਚ ਰਹਿ ਰਹੇ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਤੁਰੰਤ ਪ੍ਰਭਾਵ ਤੋਂ ਪ੍ਰਦਰਸ਼ਨ ਬੰਦ ਕਰ ਦਿੱਤੇ ਹਨ ਕਿਉਂਕਿ ਹਰ ਲੰਘਦੇ ਦਿਨ ਨਾਲ ਪਰਵਾਸੀਆਂ ਦੀਆਂ ਜ਼ਿੰਦਗੀਆਂ ਦੀ ਸੁਰੱਖਿਆ ਖ਼ਤਮ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦੀ ਰਣਨੀਤੀ ਉਲੀਕਣ ਲਈ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਸ਼ੁੱਕਰਵਾਰ ਨੂੰ ਨਵਯੁੱਗ ਸੁਰੰਗ (ਰਾਮਬਨ ਜ਼ਿਲ੍ਹਾ) ਤੋਂ ਪਾਰ ਇਕੱਤਰ ਹੋਣ ਲਈ ਕਿਹਾ ਗਿਆ ਹੈ।
ਸ਼ਾਂਤੀ ਭੰਗ ਕਰਨ ਲਈ ਪਾਕਿ ਨੇ ਘੜੀ ਸਾਜ਼ਿਸ਼: ਰੈਣਾ
ਜੰਮੂ: ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਦੇ ਪ੍ਰਧਾਨ ਰਵਿੰਦਰ ਰੈਣਾ ਨੇ ਕਿਹਾ ਹੈ ਕਿ ਵਾਦੀ ’ਚ ਹੁਣੇ ਜਿਹੇ ਹੋਈਆਂ ਮਿੱਥ ਕੇ ਹੱਤਿਆਵਾਂ ਦੀ ਸਾਜ਼ਿਸ਼ ਪਾਕਿਸਤਾਨ ਵੱਲੋਂ ਘੜੀ ਗਈ ਹੈ ਤਾਂ ਜੋ ਲੋਕਾਂ ’ਚ ਖ਼ੌਫ਼ ਪੈਦਾ ਕਰਕੇ ਕੇਂਦਰ ਦੀਆਂ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਸ਼ਾਂਤੀ ਬਹਾਲੀ ਦੀਆਂ ਕੋਸ਼ਿਸ਼ਾਂ ਨੂੰ ਢਾਹ ਲਾਈ ਜਾ ਸਕੇ। ਰੈਣਾ ਮੁਤਾਬਕ,‘‘ਉਨ੍ਹਾਂ ਇਸ ਸਾਜ਼ਿਸ਼ ਨੂੰ ਅਪਰੇਸ਼ਨ ‘ਰੈੱਡ ਵੇਵ’ ਦਾ ਨਾਮ ਦਿੱਤਾ ਹੈ ਜਿਵੇਂ 1980-90 ’ਚ ਪਾਕਿਸਤਾਨੀ ਤਾਨਾਸ਼ਾਹ ਜਨਰਲ ਜ਼ਿਆ-ਉੱਲ-ਹੱਕ ਦੀ ਅਗਵਾਈ ਹੇਠ ਅਪਰੇਸ਼ਨ ਚਲਾਇਆ ਗਿਆ ਸੀ ਜਿਸ ਨਾਲ ਕਸ਼ਮੀਰ ’ਚ ਕਈ ਮੌਤਾਂ ਅਤੇ ਤਬਾਹੀ ਹੋਈ ਸੀ।’’ -ਪੀਟੀਆਈ
ਖ਼ੌਫ਼ਜ਼ਦਾ ਸਰਕਾਰੀ ਮੁਲਾਜ਼ਮਾਂ ਨੇ ਜੰਮੂ ’ਚ ਮਾਰਚ ਕੱਢਿਆ
ਜੰਮੂ: ਕਸ਼ਮੀਰ ਵਿੱਚ ਜਾਰੀ ਟਾਰਗੈੱਟ ਕਿਲਿੰਗ ਦਰਮਿਆਨ ਵਾਦੀ ਵਿੱਚ ਤਾਇਨਾਤ ਸੈਂਕੜੇ ਸਰਕਾਰੀ ਮੁਲਾਜ਼ਮਾਂ ਨੇ ਅੱਜ ਇਥੇ ਮਾਰਚ ਕੱਢਿਆ ਅਤੇ ਫੌਰੀ ਆਪੋ-ਆਪਣੇ ਪਿਤਰੀ ਜ਼ਿਲ੍ਹਿਆਂ ਵਿਚ ਤਬਾਦਲੇ ਕੀਤੇ ਜਾਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਮੰਗਾਂ ਨੂੰ ਲੈ ਕੇ ਤਖ਼ਤੀਆਂ ਤੇ ਰਜਨੀ ਬਾਲਾ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਤਬਾਦਲੇ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ। ਮਾਰਚ ਪ੍ਰੈੱਸ ਕਲੱਬ ਤੋਂ ਅੰਬੇਦਕਰ ਚੌਕ ਤੱਕ ਕੱਢਿਆ ਗਿਆ। ਮਹਿਲਾ ਅਧਿਆਪਕ ਰਜਨੀ ਬਾਲਾ ਦੀ ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚਲੇ ਸਕੂਲ ਵਿੱਚ ਲੰਘੇ ਦਿਨੀਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। -ਪੀਟੀਆਈ
ਕਸ਼ਮੀਰ ’ਚ ਸ਼ਾਂਤੀ ਬਹਾਲੀ ਲਈ ਕਦਮ ਪੁੱਟੇ ਸਰਕਾਰ: ਰਾਹੁਲ
ਨਵੀਂ ਦਿੱਲੀ: ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਕਸ਼ਮੀਰ ਵਾਦੀ ਵਿੱਚ ਅਮਨ ਬਹਾਲੀ ਲਈ ਫ਼ੌਰੀ ਕਦਮ ਚੁੱਕਣ। ਰਾਹੁਲ ਨੇ ਟਵੀਟ ਕੀਤਾ, ‘‘ਬੈਂਕ ਮੈਨੇਜਰ, ਅਧਿਆਪਕ ਤੇ ਕਈ ਭੋਲੇ ਭਾਲੇ ਲੋਕਾਂ ਦੀਆਂ ਨਿੱਤ ਹੱਤਿਆਵਾਂ ਕੀਤੀਆਂ ਜਾ ਰਹੀਆਂ ਹਨ। ਕਸ਼ਮੀਰੀ ਪੰਡਿਤ ਭੱਜ ਰਹੇ ਹਨ। ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਹੈ, ਉਨ੍ਹਾਂ ਕੋਲ ਸਮਾਂ ਨਹੀਂ ਕਿਉਂਕਿ ਉਹ ਫਿਲਮਾਂ ਦੇ ਪ੍ਰਚਾਰ ’ਚ ਰੁੱਝੇ ਹੋਏ ਹਨ।’’ -ਪੀਟੀਆਈ