ਕੋਲਕਾਤਾ, 23 ਜੂਨ
ਬੰਗਾਲ ਦੀ ਮਹਾਨ ਹਸਤੀ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸਨਮਾਨ ਦਿੱਤੇ ਜਾਣ ਨੂੰ ਲੈ ਕੇ ਉਨ੍ਹਾਂ ਦੀ ਬਰਸੀ ’ਤੇ ਬੁੱਧਵਾਰ ਨੂੰ ਹੁਕਮਰਾਨ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਨੇ ਇਕ-ਦੂਜੇ ’ਤੇ ਹਮਲੇ ਕੀਤੇ। ਭਾਜਪਾ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਦਿਲੀਪ ਘੋਸ਼ ਅਤੇ ਪੱਛਮੀ ਬੰਗਾਲ ਦੇ ਟਰਾਂਸਪੋਰਟ ਮੰਤਰੀ ਫਰਹਾਦ ਹਕੀਮ ਸਮੇਤ ਕਈ ਆਗੂਆਂ ਨੇ ਇਥੇ ਜਨਸੰਘ ਦੇ ਬਾਨੀ ਦੇ ਬੁੱਤ ’ਤੇ ਫੁੱਲ ਚੜ੍ਹਾਏ। ਘੋਸ਼ ਨੇ ਕਿਹਾ,‘‘ਅਸੀਂ ਮੰਗ ਕਰਦੇ ਹਾਂ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਮੌਤ ਨਾਲ ਜੁੜੇ ਰਹੱਸਾਂ ਨੂੰ ਉਜਾਗਰ ਕੀਤਾ ਜਾਵੇ। ਬੰਗਾਲ ਦੀਆਂ ਖੇਤਰੀ ਪਾਰਟੀਆਂ ਨੇ ਸੂਬੇ ਦੇ ਮਹਾਨ ਸਪੂਤ ਨੂੰ ਕਦੇ ਵੀ ਮਹੱਤਵ ਨਹੀਂ ਦਿੱਤਾ ਅਤੇ ਭਾਜਪਾ ਨੇ ਉਨ੍ਹਾਂ ਦੇ ਸਨਮਾਨ ਲਈ ਕੰਮ ਕਰਨਾ ਸ਼ੁਰੂ ਕੀਤਾ ਹੈ।’’ ਇਸ ਦੌਰਾਨ ਹਕੀਮ ਨੇ ਦੱਖਣੀ ਕੋਲਕਾਤਾ ’ਚ ਮੁਖਰਜੀ ਦੇ ਬੁੱਤ ’ਤੇ ਫੁੱਲ ਚੜ੍ਹਾਉਂਦਿਆਂ ਕਿਹਾ ਕਿ ਭਗਵਾ ਪਾਰਟੀ ਦੀ ਨੀਤੀ ਹਮੇਸ਼ਾ ‘ਵਰਤੋਂ ਕਰੋ ਅਤੇ ਸੁੱਟ ਦਿਉ’ ਵਾਲੀ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਬਾਅਦ ਮੁਖਰਜੀ ਸਮੇਤ ਬੰਗਾਲ ਦੇ ਹੋਰ ਆਗੂਆਂ ’ਚ ਭਾਜਪਾ ਦੀ ਕੋਈ ਦਿਲਚਸਪੀ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਦੌਰਾਨ ਕਈ ਮੌਕਿਆਂ ’ਤੇ ਮੁਖਰਜੀ ਦੇ ਨਾਮ ਦੀ ਵਰਤੋਂ ਕਰਨ ਦਾ ਕੋਈ ਲਾਭ ਨਹੀਂ ਹੋਇਆ ਸੀ। ਘੋਸ਼ ਨੇ ਮੁਖਰਜੀ ਦੀ ਬਰਸੀ ’ਤੇ ਖੂਨਦਾਨ ਕੈਂਪ ਲਾਉਣ ਦੀ ਇਜਾਜ਼ਤ ਨਾ ਦਿੱਤੇ ਜਾਣ ਦੇ ਵਿਰੋਧ ’ਚ ਹਾਜਰਾ ਚੌਕ ’ਚ ਧਰਨਾ ਦਿੱਤਾ। ਭਾਜਪਾ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਸੌੜੇ ਸਿਆਸੀ ਹਿੱਤਾਂ ਕਾਰਨ ਇਸ ਵਾਰ ਕੈਂਪ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। -ਪੀਟੀਆਈ