ਨਵੀਂ ਦਿੱਲੀ, 25 ਸਤੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਪ੍ਰੈੱਸ ਸਕੱਤਰ ਅਜੈ ਕੁਮਾਰ ਸਿੰਘ ਦਾ ਕਾਰਜਕਾਲ ਦੋ ਹੋਰ ਸਾਲ ਲਈ ਵਧਾ ਕੇ 25 ਸਤੰਬਰ 2024 ਤੱਕ ਕਰ ਦਿੱਤਾ ਗਿਆ ਹੈ। ਪਰਸੋਨਲ ਮੰਤਰਾਲੇ ਨੇ ਇੱਕ ਹੁਕਮ ਵਿੱਚ ਇਹ ਜਾਣਕਾਰੀ ਦਿੱਤੀ ਹੈ। ਅਜੈ ਕੁਮਾਰ ਸਿੰਘ ਦਾ ਕਾਰਜਕਾਲ ਜੁਲਾਈ ਵਿੱਚ ਦੋ ਮਹੀਨੇ ਲਈ ਵਧਾਇਆ ਸੀ, ਜਿਸ ਦੀ ਮਿਆਦ ਅੱਜ ਖਤਮ ਹੋ ਰਹੀ ਸੀ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਰਾਸ਼ਟਰਪਤੀ ਦੇ ਪ੍ਰੈੱਸ ਸਕੱਤਰ ਦਾ ਕਾਰਜਕਾਲ ਠੇਕਾ ਆਧਾਰ ’ਤੇ 26 ਸਤੰਬਰ 2022 ਤੋਂ ਦੋ ਸਾਲ ਲਈ ਵਧਾ ਕੇ 25 ਸਤੰਬਰ 2024 ਤੱਕ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਤਰਾਲੇ ਨੇ ਇੱਕ ਹੋਰ ਹੁਕਮ ਵਿੱਚ ਕਿਹਾ ਹੈ ਕਿ ਸੀਨੀਅਰ ਆਈਏਐੱਸ ਅਧਿਕਾਰੀ ਰਾਕੇਸ਼ ਗੁਪਤਾ ਨੂੰ ਰਾਸ਼ਟਰਪਤੀ ਸਕੱਤਰੇਤ ਵਿੱਚ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ਦੇ ਹਰਿਆਣਾ ਕਾਡਰ ਦੇ 1997 ਬੈਚ ਦੇ ਅਧਿਕਾਰੀ ਗੁਪਤਾ ਨੂੰ 14 ਸਤੰਬਰ 2026 ਤੱਕ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। -ਪੀਟੀਆਈ