ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਅਕਤੂਬਰ
ਸੰਯੁਕਤ ਕਿਸਾਨ ਮੋਰਚੇ ਨੇ ਕੌਮੀ ਅਪਰਾਧ ਰਿਕਾਰਡ ਬਿਊਰੋ (ਐਨਸੀਆਰਬੀ) ਵੱਲੋਂ ਦੇਸ਼ ਵਿੱਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਬਾਰੇ ਜਾਰੀ ਅੰਕੜਿਆਂ ਦੇ ਸੰਦਰਭ ਵਿੱਚ ਕਿਹਾ ਕਿ ਇਸ ਤੋਂ ਸਪੱਸ਼ਟ ਜ਼ਾਹਿਰ ਹੁੰਦਾ ਹੈ ਕਿ ਕਿਸਾਨਾਂ ਦੀ ਸਥਿਤੀ ਬਦਤਰ ਹੈ ਤੇ ਖ਼ੁਦਕੁਸ਼ੀਆਂ ਦੇ ਅੰਕੜੇ ਕਿਸਾਨਾਂ ਦੀ ਮਾੜੀ ਹਾਲਤ ਨੂੰ ਪੇਸ਼ ਕਰ ਰਹੇ ਹਨ। ਹਾਲਾਂਕਿ ਕੁੱਝ ਰਾਜਾਂ ਵਿੱਚ ਇਨ੍ਹਾਂ ਖ਼ੁਦਕੁਸ਼ੀਆਂ ਦੇ ਅੰਕੜਿਆਂ ਪ੍ਰਤੀ ਸ਼ੰਕੇ ਹਨ ਜਿੱਥੇ ‘ਸਿਫ਼ਰ’ ਕਿਸਾਨ ਖ਼ੁਦਕੁਸ਼ੀ ਦਰਸਾਈ ਜਾ ਰਹੀ ਹੈ।
ਮੋਰਚੇ ਨੇ ਕਿਹਾ ਕਿ ਸਾਰੀਆਂ ਕਿਸਾਨ ਖ਼ੁਦਕੁਸ਼ੀਆਂ ਦੀ ਅਸਲ ਤਸਵੀਰ ਨੂੰ ਲੁਕੋਣ ਲਈ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਤੋਂ ਮੁੱਕਰਿਆਂ ਨਹੀਂ ਜਾ ਸਕਦਾ ਕਿ ਦੇਸ਼ ਵਿੱਚ ਕਿਸਾਨ ਜਿਸ ਗੰਭੀਰ ਸੰਕਟ ’ਚੋਂ ਗੁਜ਼ਰ ਰਹੇ ਹਨ, ਲੌਕਡਾਊਨ ਕਾਰਨ ਪੈਦਾ ਹੋਈਆਂ ਮੁਸੀਬਤਾਂ ਨੇ ਉਸ ਵਿਚ ਹੋਰ ਵਾਧਾ ਕੀਤਾ ਹੈ। ਮੋਰਚੇ ਨੇ ਕਿਹਾ ਕਿ ਭਾਰਤ ਸਰਕਾਰ ਕਿਸਾਨਾਂ ਦੀ ਸਥਿਤੀ ਨੂੰ ਹੋਰ ਵਿਗਾੜਨ ਵਾਲੇ ਕਾਰਪੋਰੇਟ ਪੱਖੀ ਕਾਨੂੰਨ ਨਾ ਲਿਆਏ ਤੇ ਉਨ੍ਹਾਂ ਨੂੰ ਤੁਰੰਤ ਰੱਦ ਕਰੇ। ਕਿਸਾਨ ਮੋਰਚੇ ਨੇ ਮੰਗ ਕੀਤੀ ਕਿ ਭਾਰਤ ਸਰਕਾਰ ਨੂੰ ਤੁਰੰਤ ਸਾਰੇ ਕਿਸਾਨਾਂ ਤੇ ਸਾਰੀਆਂ ਖੇਤੀ ਉਪਜਾਂ ਲਈ ਐਮਐੱਸਪੀ ਗਾਰੰਟੀ ਕਾਨੂੰਨ ਲਾਗੂ ਕਰਨਾ ਚਾਹੀਦਾ ਹੈ। ਖੇਤੀਬਾੜੀ ਵਿੱਚ ਲਾਗਤਾਂ ਨੂੰ ਘਟਾਉਣ ਤੇ ਬਾਹਰੀ ਇਨਪੁੱਟ ਨਿਰਭਰਤਾ, ਕੁਦਰਤੀ ਆਫ਼ਤਾਂ ਖਾਸ ਤੌਰ ’ਤੇ ਜਲਵਾਯੂ ਤਬਦੀਲੀ ਦੇ ਯੁੱਗ ਵਿੱਚ, ਖੇਤੀਬਾੜੀ ਵਿੱਚ ਅਸਲ ਕਾਸ਼ਤਕਾਰਾਂ ਦੀ ਸਹਾਇਤਾ ਆਦਿ ਸਮੇਤ ਜੋਖ਼ਮਾਂ ਨੂੰ ਘਟਾਉਣ ਨਾਲ ਸਬੰਧਤ ਕਈ ਹੋਰ ਲੰਬੇ ਸਮੇਂ ਤੋਂ ਲਟਕ ਰਹੇ ਮੁੱਦਿਆਂ ਨੂੰ ਸਰਕਾਰ ਗੰਭੀਰਤਾ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰੇ ਤਾਂ ਹੀ ਖੇਤੀ ਬਚੇਗੀ। ਮੋਰਚੇ ਨੇ ਕਿਹਾ ਕਿ ਭਾਰਤ ਸਰਕਾਰ ਦੇ ਕੌਮੀ ਅਪਰਾਧ ਰਿਕਾਰਡ ਬਿਊਰੋ ਨੇ 2020 ਵਿੱਚ ਕਿਸਾਨ ਖੁਦਕੁਸ਼ੀਆਂ ਦੀ ਸਾਲਾਨਾ ਗਿਣਤੀ 10,677 ਦੱਸੀ ਹੈ। ਕਿਸਾਨ ਖੁਦਕੁਸ਼ੀਆਂ ਦੇ ਅੰਕੜਿਆਂ ਦੀ ਭਰੋਸੇਯੋਗਤਾ ਬਾਰੇ ਕਈ ਸਵਾਲ ਉੱਠੇ ਹਨ। ਐਨਸੀਆਰਬੀ ਦੀਆਂ ਰਿਪੋਰਟਾਂ ’ਚ ਅਤੇ 2016 ਤੋਂ ਕਿਸਾਨ ਖੁਦਕੁਸ਼ੀਆਂ ’ਚ ਗਿਰਾਵਟ ਰਿਪੋਰਟ ਕਰਨ ਦਾ ਇੱਕ ਰੁਝਾਨ ਰਿਹਾ ਹੈ। ਇਨ੍ਹਾਂ ਰਿਪੋਰਟਾਂ ’ਚ ਜ਼ੀਰੋ ਕਿਸਾਨ ਖੁਦਕੁਸ਼ੀਆਂ ਦੀ ਰਿਪੋਰਟ ਕਰਨ ਵਾਲੇ ਕਈ ਰਾਜਾਂ ਦੀ ਵਿਸੰਗਤਾ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ।
5579 ਕਾਸ਼ਤਕਾਰਾਂ ਤੇ ਪੰਜ ਹਜ਼ਾਰ ਦੇ ਕਰੀਬ ਖੇਤ ਮਜ਼ਦੂਰਾਂ ਨੇ ਕੀਤੀ ਖ਼ੁਦਕੁਸ਼ੀ
2020 ਲਈ ਭਾਰਤ ਵਿੱਚ ਦੁਰਘਟਨਾਵਾਂ ਅਤੇ ਖ਼ੁਦਕੁਸ਼ੀਆਂ ਬਾਰੇ ਐਨਸੀਆਰਬੀ ਦੀ ਸਾਲਾਨਾ ਰਿਪੋਰਟ ਦੇ ਅਨੁਸਾਰ 10,677 ਵਿੱਚੋਂ 5579 ਖੁਦਕੁਸ਼ੀਆਂ ਕਾਸ਼ਤਕਾਰਾਂ ਦੀਆਂ ਹਨ ਤੇ 5098 ਖੇਤੀ ਮਜ਼ਦੂਰਾਂ ਦੀਆਂ ਹਨ। ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਵਿੱਚ ਇਹ ਸਭ ਤੋਂ ਵੱਧ ਹਨ। ਕਿਸਾਨ ਖੁਦਕੁਸ਼ੀਆਂ ਦੀ ਗਿਣਤੀ, ਜੋ ਕਿ 2020 ’ਚ ਦੇਸ਼ ਵਿੱਚ ਕੁੱਲ ਖੁਦਕੁਸ਼ੀਆਂ ਦਾ 7 ਪ੍ਰਤੀਸ਼ਤ ਹੈ, 2020 ਵਿੱਚ 2019 ਦੇ ਮੁਕਾਬਲੇ ਕਿਸਾਨ ਖੁਦਕੁਸ਼ੀਆਂ ਦੀ ਗਿਣਤੀ ’ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ।