ਨਵੀਂ ਦਿੱਲੀ, 9 ਅਗਸਤ
ਹਿੰਦ ਮਹਾਸਾਗਰ ਹੋਰ ਮਹਾਸਾਗਰਾਂ ਦੇ ਮੁਕਾਬਲੇ ਵੱਧ ਦਰ ਨਾਲ ਗਰਮ ਹੋ ਰਿਹਾ ਹੈ ਜਿਸ ਕਾਰਨ ਭਾਰਤ ਵਿਚ ਗਰਮ ਹਵਾਵਾਂ ਤੇ ਹੜ੍ਹ ਵਧਣ ਦਾ ਖਦਸ਼ਾ ਹੈ। ਵਿਗਿਆਨੀਆਂ ਨੇ ਆਲਮੀ ਤਪਸ਼ ਦੇ ਮਾਰੂ ਪ੍ਰਭਾਵਾਂ ਬਾਰੇ ਸੁਚੇਤ ਕੀਤਾ ਹੈ। ਇੰਟਰ ਗਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ ਦੀ ਛੇਵੀਂ ਮੁਲਾਂਕਣ ਰਿਪੋਰਟ ਵਿਚ ਕਿਹਾ ਗਿਆ ਹੈ ਤਪਸ਼ ਵਧਣ ਕਾਰਨ ਮਹਾਸਾਗਰ ਵਿਚ ਪਾਣੀ ਦਾ ਪੱਧਰ ਵਧੇਗਾ ਜਿਸ ਕਾਰਨ ਤੱਟੀ ਤੇ ਹੋਰ ਖੇਤਰਾਂ ਵਿਚ ਹੜ੍ਹ ਆਉਣਗੇ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਮਨੁੱਖ ਵਲੋਂ ਕੁਦਰਤ ਨਾਲ ਛੇੜਛਾੜ ਕਾਰਨ ਸਾਲ 1970 ਤੋਂ ਆਲਮੀ ਤਪਸ਼ ਵਧ ਰਹੀ ਹੈ। ਜਲਵਾਯੂ ਤਬਦੀਲੀ ਬਾਰੇ ਸੰਯੁਕਤ ਰਾਸ਼ਟਰ ਦੀ ਇਕ ਕਮੇਟੀ ਨੇ ਅੱਜ ਗੰਭੀਰ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਸੰਸਾਰ ਬੇਕਾਬੂ ਤਪਸ਼ ਦੇ ਮੋੜ ’ਤੇ ਖੜ੍ਹਾ ਹੈ ਜਿਸ ਲਈ ਮਨੁੱਖ ਜ਼ਿੰਮੇਵਾਰ ਹਨ। ਗ੍ਰੀਨਹਾਊਸ ਗੈਸਾਂ ਦਾ ਪੱਧਰ ਵਾਤਾਵਰਨ ਵਿਚ ਇਸ ਪੱਧਰ ਤੱਕ ਵੱਧ ਚੁੱਕਾ ਹੈ ਕਿ ਇਹ ਦਹਾਕਿਆਂ ਤੱਕ ਜਲਵਾਯੂ ਵਿਚ ਤਬਦੀਲੀਆਂ ਲਿਆਉਣ ਲਈ ਕਾਫ਼ੀ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਅੰਤੋਨੀਓ ਗੁਟੇਰੇਜ਼ ਨੇ ਇਸ ਰਿਪੋਰਟ ਨੂੰ ਮਨੁੱਖਤਾ ਲਈ ‘ਕੋਡ ਰੈੱਡ’ ਕਰਾਰ ਦਿੱਤਾ ਹੈ। ਗੁਟੇਰੇਜ਼ ਨੇ ਬੇਨਤੀ ਕੀਤੀ ਹੈ ਕਿ ਕੋਲੇ ਤੇ ਹੋਰ ਜ਼ਿਆਦਾ ਪ੍ਰਦੂਸ਼ਣ ਪੈਦਾ ਕਰਨ ਵਾਲੇ ਜੈਵਿਕ ਈਂਧਨਾਂ ਦੀ ਵਰਤੋਂ ਬੰਦ ਕਰ ਦਿੱਤੀ ਜਾਵੇ।