ਨਵੀਂ ਦਿੱਲੀ, 4 ਜੁਲਾਈ
ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਅੱਜ ਦੇ ਸਮੇਂ ਵਿੱਚ ਵੀ ਓਨੀਆਂ ਹੀ ਢੁੱਕਵੀਆਂ ਹਨ ਜਿੰਨੀਆਂ ਕੇ ਪੁਰਾਣੇ ਸਮੇਂ ਵਿੱਚ ਹੁੰਦੀਆਂ ਸਨ। ਉਨ੍ਹਾਂ ਕਿਹਾ ਕਿ ਅੱਜ ਜਦੋਂ ਵਿਸ਼ਵ ਅਸਾਧਾਰਨ ਚੁਣੌਤੀਆਂ ਨਾਲ ਲੜ ਰਿਹਾ ਹੈ ਤਾਂ ਅਜਿਹੇ ਵਿੱਚ ਵੀ ਉਨ੍ਹਾਂ ਦੀਆਂ ਸਿੱਖਿਆਵਾਂ ਸਾਡਾ ਮਾਰਗਦਰਸ਼ਨ ਕਰ ਰਹੀਆਂ ਹਨ। ਕੌਮਾਂਤਰੀ ਬੁੱਧ ਕਨਫੈਡਰੇਸ਼ਨ (ਆਈਬੀਸੀ) ਵੱਲੋਂ ਸੱਭਿਆਚਾਰਕ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਏ ਗਏ ਧੰਮ ਚੱਕਰ ਦਿਵਸ ਸਬੰਧੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਕੋਵਿੰਦ ਨੇ ਕਿਹਾ ਕਿ ਭਗਵਾਨ ਬੁੱਧ ਦੀ ਮਨੁੱਖਤਾ ਦੇ ਦੁੱਖਾਂ ਦਾ ਅੰਤ ਕਰਨ ਸਬੰਧੀ ਸਿੱਖਿਆਵਾਂ ਅੱਜ ਵੀ ਢੁੱਕਵੀਆਂ ਜਿਵੇਂ ਕਿ ਢਾਈ ਹਜ਼ਾਰ ਸਾਲ ਪਹਿਲਾਂ ਸਨ। ਉਨ੍ਹਾਂ ਕਿਹਾ ਕਿ ਅੱਜ ਜਦੋਂ ਕਰੋਨਾਵਾਇਰਸ ਮਹਾਮਾਰੀ ਨੇ ਵਿਸ਼ਵ ਭਰ ਵਿੱਚ ਮਨੁੱਖੀ ਜ਼ਿੰਦਗੀਆਂ ਅਤੇ ਆਰਥਿਕਤਾ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ ਤਾਂ ਅਜਿਹੇ ਵਿੱਚ ਭਗਵਾਨ ਬੁੱਧ ਦਾ ਸੁਨੇਹਾ ਇਕ ਮਾਰਗਦਰਸ਼ਕ ਵਜੋਂ ਕੰਮ ਕਰਦਾ ਹੈ। ਉਨ੍ਹਾਂ ਲੋਕਾਂ ਨੂੰ ਖੁਸ਼ੀਆਂ ਦੇ ਰਾਹ ਪੈਣ ਲਈ ਲਾਲਚ, ਨਫ਼ਰਤ, ਹਿੰਸਾ ਛੱਡਣ ਦਾ ਸੁਨੇਹਾ ਦਿੱਤਾ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ਼ਰਨਥ ਵਿੱਚ ਆਪਣੇ ਪਹਿਲੇ ਧਰਮ ਨਿਰਦੇਸ਼ ਵਿੱਚ ਭਗਵਾਨ ਬੁੱਧ ਨੇ ਆਸ ਤੇ ਮਕਸਦ ਦਾ ਜ਼ਿਕਰ ਕੀਤਾ ਸੀ। ਭਗਵਾਨ ਬੁੱਧ ਲਈ ਇਸ ਦਾ ਮਤਲਬ ਮਨੁੱਖ ਦੇ ਦੁੱਖਾਂ ਦਾ ਖ਼ਾਤਮਾ ਕਰਨਾ ਸੀ। -ਪੀਟੀਆਈ