ਨਵੀਂ ਦਿੱਲੀ, 9 ਸਤੰਬਰ
ਅਫ਼ਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਲੋਕਾਂ ਨੂੰ ਉਦੋਂ ਤੱਕ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਜਦੋਂ ਤੱਕ ਕਿ ਉਹ ਸਰਕਾਰ ਕੋਲੋਂ ਇਜਾਜ਼ਤ ਨਹੀਂ ਲੈ ਲੈਂਦੇ।
ਖਾਮਾ ਨਿਊਜ਼ ਦੀ ਖ਼ਬਰ ਅਨੁਸਾਰ ਬਿਆਨ ਵਿਚ ਕਿਹਾ ਗਿਆ ਹੈ ਕਿ ਫਿਲਹਾਲ ਕਿਸੇ ਜਥੇਬੰਦੀ ਜਾਂ ਕਿਸੇ ਵਿਅਕਤੀ ਨੂੰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਭਾਵੇਂ ਉਹ ਕਿਸੇ ਵੀ ਨਾਂ ਅਤੇ ਕਿਸੇ ਵੀ ਮਕਸਦ ਨਾਲ ਹੋਵੇ। ਪਿਛਲੇ ਪੰਜ ਦਿਨਾਂ ਵਿਚ ਕਾਬੁਲ ’ਚ ਹੋਏ ਕੁਝ ਪ੍ਰਦਰਸ਼ਨਾਂ ਕਰ ਕੇ ਪ੍ਰਾਂਤ ਵਿਚ ਹਿੰਸਾ ਫੈਲਣ ਦੇ ਮੱਦੇਨਜ਼ਰ ਤਾਲਿਬਾਨ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ। ਬਿਆਨ ਅਨੁਸਾਰ ਪ੍ਰਦਰਸ਼ਨਕਾਰੀਆਂ ਨੂੰ ਨਿਆਂ ਮੰਤਰਾਲੇ ਤੋਂ ਇਜਾਜ਼ਤ ਲੈਣੀ ਹੋਵੇਗੀ ਅਤੇ ਇਸ ਸਬੰਧੀ ਘੱਟੋ-ਘੱਟ 24 ਘੰਟੇ ਪਹਿਲਾਂ ਸੁਰੱਖਿਆ ਬਲਾਂ ਨੂੰ ਸੂਚਿਤ ਕਰਨਾ ਹੋਵੇਗਾ। -ਆਈਏਐੱਨਐੱਸ