ਨਵੀਂ ਦਿੱਲੀ, 28 ਮਈ
ਸੁਪਰੀਮ ਕੋਰਟ ਨੇ ਅੱਜ ਦੱਸਿਆ ਕਿ ਉਸ ਦਾ ਬੈਂਚ ਕਰੋਨਾ ਵਾਇਰਸ ਦੇ ਕੇਸਾਂ ਕਾਰਨ 12ਵੀਂ ਦੀ ਪ੍ਰੀਖਿਆ ਰੱਦ ਕਰਨ ਲਈ ਪਾਈ ਪਟੀਸ਼ਨ ’ਤੇ 31 ਮਈ ਨੂੰ ਸੁਣਵਾਈ ਕਰੇਗਾ। ਇਸ ਮਾਮਲੇ ਦੀ ਸੁਣਵਾਈ ਜਸਟਿਸ ਏ ਐਮ ਖਾਨਵਿਲਕਰ ਤੇ ਦਿਨੇਸ਼ ਮਹੇਸ਼ਵਰੀ ਦਾ ਬੈਂਚ ਕਰੇਗਾ। ਅਦਾਲਤ ਨੇ ਪਟੀਸ਼ਨਰ ਮਮਤਾ ਸ਼ਰਮਾ ਨੂੰ ਵੀ ਕਿਹਾ ਕਿ ਉਹ ਇਸ ਦੀ ਕਾਪੀ ਸੀਬੀਐਸਈ ਦੇ ਵਕੀਲ ਨੂੰ ਵੀ ਮੁਹੱਈਆ ਕਰਵਾਏ। ਜਸਟਿਸ ਮਹੇਸ਼ਵਰੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਸੁਣਵਾਈ ਕਰਦਿਆਂ ਇਹ ਵੀ ਦੱਸਿਆ ਕਿ ਸੀਬੀਐਸਈ ਵਲੋਂ ਪ੍ਰੀਖਿਆਵਾਂ ਬਾਰੇ ਪਹਿਲੀ ਜੂਨ ਨੂੰ ਐਲਾਨ ਕੀਤਾ ਜਾਵੇਗਾ। ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਦੇਸ਼ ਵਿਚ ਕਰੋਨਾ ਕਾਰਨ ਹਾਲਾਤ ਖਰਾਬ ਹਨ ਤੇ ਇਸ ਵੇਲੇ ਪ੍ਰੀਖਿਆਵਾਂ ਕਰਵਾਉਣੀਆਂ ਵਿਦਿਆਰਥੀਆਂ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਤੁਲ ਹੋਵੇਗਾ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਸ ਵੇਲੇ ਮਾਮਲਾ ਸਰਵਉਚ ਅਦਾਲਤ ਦੇ ਵਿਚਾਰਅਧੀਨ ਹੈ, ਇਸ ਕਰ ਕੇ ਹਾਈ ਕੋਰਟਾਂ ਇਨ੍ਹਾਂ ਪ੍ਰੀਖਿਆਵਾਂ ਨਾਲ ਸਬੰਧਤ ਸੁਣਵਾਈ ਨਾ ਕਰਨ। ਇਸ ’ਤੇ ਬੈਂਚ ਨੇ ਕਿਹਾ ਕਿ 31 ਮਈ ਤਕ ਇਸ ’ਤੇ ਕੋਈ ਫੈਸਲਾ ਨਹੀਂ ਹੋਵੇਗਾ। -ਪੀਟੀਆਈ