ਨਵੀਂ ਦਿੱਲੀ, 18 ਮਈ
ਪੱਛਮੀ ਬੰਗਾਲ ’ਚ ਚੋਣਾਂ ਨਾਲ ਜੁੜੀ ਹਿੰਸਾ ਵਿਚ ਮਾਰੇ ਗਏ ਦੋ ਭਾਜਪਾ ਵਰਕਰਾਂ ਦੇ ਰਿਸ਼ਤੇਦਾਰਾਂ ਵੱਲੋਂ ਸੁਪਰੀਮ ਕੋਰਟ ਵਿਚ ਦਾਇਰ ਕੀਤੀ ਗਈ ਪਟੀਸ਼ਨ ’ਤੇ ਸੁਣਵਾਈ ਲਈ ਸਿਖ਼ਰਲੀ ਅਦਾਲਤ ਨੇ ਸਹਿਮਤੀ ਦੇ ਦਿੱਤੀ ਹੈ। ਪਟੀਸ਼ਨ ਵਿਚ ਹੱਤਿਆ ਦੇ ਮਾਮਲੇ ਦੀ ਜਾਂਚ ਅਦਾਲਤੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਕੀਤੀ ਗਈ ਹੈ ਜਾਂ ਫਿਰ ਕੇਸ ਸੀਬੀਆਈ/ਵਿਸ਼ੇਸ਼ ਜਾਂਚ ਟੀਮ ਨੂੰ ਟਰਾਂਸਫਰ ਕਰਨ ਦੀ ਮੰਗ ਕੀਤੀ ਗਈ ਹੈ।
ਜਸਟਿਸ ਵਿਨੀਤ ਸਰਨ ਤੇ ਬੀ.ਆਰ. ਗਵੱਈ ਨੇ ਪੱਛਮੀ ਬੰਗਾਲ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਪਟੀਸ਼ਨ ਬਿਸਵਜੀਤ ਸਰਕਾਰ ਵੱਲੋਂ ਦਾਇਰ ਕੀਤੀ ਗਈ ਹੈ ਜਿਸ ਦਾ ਵੱਡਾ ਭਰਾ ਇਸ ਹਿੰਸਾ ਵਿਚ ਮਾਰਿਆ ਗਿਆ। ਸਰਕਾਰ ਨੇ ਇਹ ਪਟੀਸ਼ਨ ਸਵਰਨਲਤਾ ਅਧਿਕਾਰੀ ਨਾਲ ਮਿਲ ਕੇ ਦਾਇਰ ਕੀਤੀ ਹੈ ਜਿਸ ਦਾ ਪਤੀ ਹਿੰਸਾ ਵਿਚ ਮਾਰਿਆ ਗਿਆ। -ਪੀਟੀਆਈ