ਨਵੀਂ ਦਿੱਲੀ, 28 ਜਨਵਰੀ
ਸੁਪਰੀਮ ਕੋਰਟ ਨੇ ਐੱਨਡੀਟੀਵੀ ਪ੍ਰਮੋਟਰਾਂ ਪ੍ਰਨੌਏ ਰੌਏ ਤੇ ਰਾਧਿਕਾ ਰੌਏ ਤੋਂ ਕੰਪਨੀ ਵਿਚਲੀ ਹਿੱਸੇਦਾਰੀ (ਸ਼ੇਅਰਾਂ) ਬਾਰੇ ਤਫ਼ਸੀਲ ਮੰਗ ਲਈ ਹੈ। ਸਿਖਰਲੀ ਅਦਾਲਤ ਨੇ ਦੋਵਾਂ ਨੂੰ ਸ਼ੁੱਕਰਵਾਰ ਤੱਕ ਆਪਣੇ ਸ਼ੇਅਰਾਂ ਦੀ ਕੀਮਤ ਬਾਰੇ ਦੱਸਣ ਲਈ ਕਿਹਾ ਹੈ। ਉਂਜ ਸੁਣਵਾਈ ਦੌਰਾਨ ਪ੍ਰਮੋਟਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਇਹ ਹਲਫ਼ਨਾਮਾ ਦਾਖ਼ਲ ਕਰਨ ਲਈ ਤਿਆਰ ਹਨ ਕਿ ਐੇੱਨਡੀਟੀਵੀ ਵਿਚਲੇ ਉਨ੍ਹਾਂ ਦੇ ਸ਼ੇਅਰ ਗੈਰ-ਤਬਾਦਲਾਯੋਗ ਹਨ। ਰੌਏ ਦੰਪਤੀ ਨੇ ਸਿਖਰਲੀ ਅਦਾਲਤ ਦੇ ਉਨ੍ਹਾਂ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿੱਚ ਕਥਿਤ ਗੈਰਕਾਨੂੰਨੀ ਮੁਨਾਫੇ ਦਾ 50 ਫੀਸਦ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ। ਰੌਏ ਦਪੰਤੀ ’ਤੇ ਆਪਣੇ ਕੁਝ ਕਰਜ਼ਾ ਕਰਾਰਾਂ ਦੀ ਜਾਣਕਾਰੀ ਸ਼ੇਅਰਧਾਰਕਾਂ ਤੋਂ ਲੁਕਾਉਣ ਲਈ ਸਕਿਉਰਿਟੀਜ਼ ਨੇਮਾਂ ਦੀ ਕਥਿਤ ਉਲੰਘਣਾ ਦਾ ਦੋਸ਼ ਲੱਗਾ ਸੀ, ਜਿਸ ਮਗਰੋਂ ਸੇਬੀ ਨੇ ਉਨ੍ਹਾਂ ਨੂੰ ਜੁਰਮਾਨਾ ਲਾਇਆ ਸੀ। -ਪੀਟੀਆਈ