ਨਵੀਂ ਦਿੱਲੀ, 6 ਜੁਲਾਈ
ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠਲੇ ਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਸੱਤ ਹਾਈ ਕੋਰਟਾਂ ਦੇ ਚੀਫ ਜਸਟਿਸਾਂ ਦੀ ਨਿਯੁਕਤੀ ਲਈ ਨਾਵਾਂ ਦੀ ਸਿਫਾਰਸ਼ ਕੀਤੀ ਹੈ। ਤਿੰਨ ਮੈਂਬਰੀ ਕੌਲਿਜੀਅਮ ’ਚ ਜਸਟਿਸ ਸੰਜੈ ਕਿਸ਼ਨ ਕੌਲ ਤੇ ਜਸਟਿਸ ਸੰਜੀਵ ਖੰਨਾ ਵੀ ਸ਼ਾਮਲ ਹਨ। ਕੌਲਿਜੀਅਮ ਨੇ ਕੇਂਦਰ ਤੋਂ ਤਿਲੰਗਾਨਾ ਹਾਈ ਕੋਰਟ ਦੇ ਚੀਫ ਜਸਟਿਸ ਉਜਵਲ ਭੁਈਆਂ ਤੇ ਕੇਰਲਾ ’ਚ ਉਨ੍ਹਾਂ ਦੇ ਹਮਰੁਤਬਾ ਐਸ ਵੈਂਕਟਨਾਰਾਇਣ ਭੱਟੀ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦੇਣ ਦੀ ਸਿਫਾਰਸ਼ ਵੀ ਕੀਤੀ ਹੈ। ਕੌਲਿਜੀਅਮ ਨੇ ਬੰਬੇ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ ਨੂੰ, ਗੁਜਰਾਤ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਅਲਾਹਾਬਾਦ ਹਾਈ ਕੋਰਟ ਦੀ ਜਸਟਿਸ ਸੁਨੀਤਾ ਅਗਰਵਾਲ ਨੂੰ, ਉੜੀਸਾ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਜਸਟਿਸ ਸੁਭਾਸ਼ੀਸ਼ ਤਲਪਾਤਰਾ ਨੂੰ, ਆਂਧਰਾ ਪ੍ਰਦੇਸ਼ ਦੇ ਚੀਫ ਜਸਟਿਸ ਵਜੋਂ ਜਸਟਿਸ ਧੀਰਜ ਸਿੰਘ ਠਾਕੁਰ ਨੂੰ, ਕੇਰਲਾ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਗੁਜਰਾਤ ਹਾਈ ਕੋਰਟ ਦੇ ਚੀਫ ਜਸਟਿਸ ਆਸ਼ੀਸ਼ ਜੇ ਦੇਸਾਈ, ਤਿਲੰਗਾਨਾ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਕਰਨਾਟਕ ਹਾਈ ਕੋਰਟ ਦੇ ਜਸਟਿਸ ਆਲੋਕ ਅਰਾਧੇ ਅਤੇ ਮਨੀਪੁਰ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਦਿੱਲੀ ਹਾਈ ਕੋਰਟ ਦੇ ਜਸਟਿਸ ਸਿੱਧਾਰਥ ਮ੍ਰਿਦੁਲ ਨੂੰ ਨਿਯੁਕਤ ਕਰਨ ਦੀ ਸਿਫਾਰਸ਼ ਕੀਤੀ ਹੈ। -ਪੀਟੀਆਈ