ਨਵੀਂ ਦਿੱਲੀ, 30 ਦਸੰਬਰ
ਸੁਪਰੀਮ ਕੋਰਟ ਨੇ ਅੱਜ ਜਲ ਸੈਨਾ ਦੀਆਂ ਉਨ੍ਹਾਂ ਦਸ ਮਹਿਲਾ ਅਧਿਕਾਰੀਆਂ ਦੀ 31 ਦਸੰਬਰ ਨੂੰ ਸੇਵਾ ਮੁਕਤੀ ’ਤੇ ਰੋਕ ਲਗਾ ਦਿੱਤੀ ਹੈ, ਜਿਹੜੀਆਂ ਸੈਨਾ ਵਿੱਚ ਪੱਕੇ ਕਮਿਸ਼ਨ ਦੀ ਮੰਗ ਕਰ ਰਹੀਆਂ ਹਨ। ਜਸਟਿਸ ਇੰਦਰਾ ਬੈਨਰਜੀ ਅਤੇ ਜਸਟਿਸ ਅਨਿਰੁਧਾ ਬੋਸ ‘ਤੇ ਆਧਾਰਤ ਛੁੱਟੀਆਂ ਦੇ ਬੈਂਚ ਨੇ ਸੀਨੀਅਰ ਵਕੀਲ ਮੀਨਾਕਸ਼ੀ ਅਰੋੜਾ ਵੱਲੋਂ ਪੇਸ਼ ਕੀਤੇ ਕੇਸ ਦਾ ਨੋਟਿਸ ਲੈਂਦਿਆਂ ਔਰਤ ਜਲ ਸੈਨਾ ਅਧਿਕਾਰੀਆਂ ਨੂੰ ਅੰਤ੍ਰਿਮ ਰਾਹਤ ਦਿੱਤੀ। ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ ਸੁਣਵਾਈ ਦੌਰਾਨ ਬੈਂਚ ਨੇ ਕਿਹਾ ਕਿ ਕੇਂਦਰ ਅਤੇ ਜਲ ਸੈਨਾ ਦੇ ਮੁਖੀ ਮਹਿਲਾ ਅਧਿਕਾਰੀਆਂ ਦੀਆਂ ਪਟੀਸ਼ਨਾਂ ‘ਤੇ ਆਪਣੇ ਜਵਾਬ ਦਾਖਲ ਕਰ ਸਕਦੇ ਹਨ ਅਤੇ 19 ਜਨਵਰੀ ਨੂੰ ਅਗਲੀ ਸੁਣਵਾਈ ਹੋਵੇਗੀ।