ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਤਾਮਿਲਨਾਡੂ ਸਰਕਾਰ ਨੂੰ ਸ਼ਰਾਬ ਆਨਲਾਈਨ ਜਾਂ ਘਰਾਂ ’ਚ ਵੇਚਣ ਦੇ ਰਾਹ ਲੱਭਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਵਿਕਰੀ ਦੇ ਨੇਮ ਬਣਾਉਣਾ ਅਦਾਲਤ ਦਾ ਕੰਮ ਨਹੀਂ ਹੈ। ਸਿਖਰਲੀ ਅਦਾਲਤ ਨੇ ਤਾਮਿਲਨਾਡੂ ਪ੍ਰਦੇਸ਼ ਮੰਡੀਕਰਨ ਨਿਗਮ ਨਾਲ ਸਹਿਮਤੀ ਜਤਾਈ ਕਿ ਸੂਬੇ ’ਚ ਸ਼ਰਾਬ ਆਨਲਾਈਨ ਅਤੇ ਘਰਾਂ ’ਚ ਡਿਲੀਵਰੀ ਨੂੰ ਲੈ ਕੇ ਉਸ ਨੂੰ ਨਿਰਦੇਸ਼ ਨਹੀਂ ਦਿੱਤੇ ਜਾ ਸਕਦੇ ਹਨ। ਜਸਟਿਸ ਅਸ਼ੋਕ ਭੂਸ਼ਨ, ਸੰਜੈ ਕਿਸ਼ਨ ਕੌਲ ਅਤੇ ਐੱਮ ਆਰ ਸ਼ਾਹ ਦੇ ਬੈਂਚ ਨੇ ਨਿਗਮ ਨੂੰ ਕਿਹਾ ਕਿ ਉਹ ਤਿੰਨ ਹਫ਼ਤਿਆਂ ’ਚ ਸ਼ਰਾਬ ਦੀ ਵਿਕਰੀ ਦੇ ਢੰਗ ਬਾਰੇ ਹਲਫ਼ਨਾਮਾ ਦਾਖ਼ਲ ਕਰੇ। ਸੁਪਰੀਮ ਕੋਰਟ ਨੇ 15 ਮਈ ਨੂੰ ਸੁਬੇ ’ਚ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਸੀ। -ਪੀਟੀਆਈ