ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਾਰਕੁਨ ਤੇ ਵਕੀਲ ਪ੍ਰਸ਼ਾਂਤ ਭੂਸ਼ਨ ਅਤੇ ਪੱਤਰਕਾਰ ਤਰੁਨ ਤੇਜਪਾਲ ਖ਼ਿਲਾਫ਼ 2009 ਵਿੱਚ ਨਿਆਂ ਪਾਲਿਕਾ ਖ਼ਿਲਾਫ਼ ਉਨ੍ਹਾਂ ਦੀ ਟਿੱਪਣੀ ਨੂੰ ਲੈ ਕੇ ਦਰਜ ਅਦਾਲਤੀ ਹੱਤਕ ਦਾ ਮਾਮਲਾ ਅੱਜ ਬੰਦ ਕਰ ਦਿੱਤਾ। ਜਸਟਿਸ ਇੰਦਰਾ ਬੈਨਰਜੀ, ਜਸਟਿਸ ਸੂਰਿਆਕਾਂਤ ਅਤੇ ਜਸਟਿਸ ਐੱਮ.ਐੱਮ. ਸੁੰਦਰੇਸ਼ ਦੇ ਇਕ ਬੈਂਚ ਨੇ ਸੀਨੀਅਰ ਵਕੀਲ ਕਪਿਲ ਸਿੱਬਲ ਵੱਲੋਂ ਪ੍ਰਸ਼ਾਂਤ ਭੂਸ਼ਨ ਤੇ ਤਰੁਨ ਤੇਜਪਾਲ ਦੇ ਮੁਆਫ਼ੀ ਮੰਗਣ ਬਾਰੇ ਸੂਚਿਤ ਕੀਤੇ ਜਾਣ ਮਗਰੋਂ ਇਸ ਮਾਮਲੇ ਵਿੱਚ ਕਾਰਵਾਈ ਬੰਦ ਕਰ ਦਿੱਤੀ। ਬੈਂਚ ਨੇ ਕਿਹਾ, ‘‘ਅਦਾਲਤੀ ਹੱਤਕ ਕਰਨ ਵਾਲਿਆਂ ਵੱਲੋਂ ਕੀਤੀ ਗਈ ਮੁਆਫ਼ੀ ਦੀ ਅਪੀਲ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਸ ਸਬੰਧੀ ਦਰਜ ਮਾਮਲੇ ਨੂੰ ਹੋਰ ਅੱਗੇ ਵਧਾਉਣਾ ਜ਼ਰੂਰੀ ਨਹੀਂ ਸਮਝਦੇ । ਅਦਾਲਤੀ ਹੱਤਕ ਦੀ ਕਾਰਵਾਈ ਸਮਾਪਤ ਕੀਤੀ ਜਾਂਦੀ ਹੈ।’’ ਸਿਖ਼ਰਲੀ ਅਦਾਲਤ ਨੇ ਨਵੰਬਰ 2009 ਵਿੱਚ ਇਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਵਿੱਚ ਸੁਪਰੀਮ ਕੋਰਟ ਦੇ ਕੁਝ ਮੌਜੂਦਾ ਤੇ ਸਾਬਕਾ ਜੱਜਾਂ ’ਤੇ ਕਥਿਤ ਦੋਸ਼ ਲਗਾਉਣ ਲਈ ਪ੍ਰਸ਼ਾਂਤ ਭੂਸ਼ਨ ਤੇ ਤਰੁਨ ਤੇਜਪਾਲ ਨੂੰ ਅਦਾਲਤੀ ਹੱਤਕ ਦਾ ਨੋਟਿਸ ਜਾਰੀ ਕੀਤਾ ਸੀ। -ਪੀਟੀਆਈ