ਮੰਗਲੂਰੂ, 24 ਫਰਵਰੀ
ਉਡੁਪੀ ’ਚ ਸਰਕਾਰੀ ਪ੍ਰੀ-ਯੂਨੀਵਰਸਿਟੀ ਮਹਿਲਾ ਕਾਲਜ ਦੀਆਂ ਛੇ ਵਿਦਿਆਰਥਣਾਂ ਨੇ ਪ੍ਰੀ-ਯੂਨੀਵਰਸਿਟੀ ਬੋਰਡ ਨੂੰ ਅਪੀਲ ਕੀਤੀ ਹੈ ਕਿ ਉਹ 28 ਫਰਵਰੀ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਮੁਲਤਵੀ ਕਰ ਦੇਣ। ਇਨ੍ਹਾਂ ਛੇ ਵਿਦਿਆਰਥਣਾਂ ਨੇ ਹੀ ਹਿਜਾਬ ਪਹਿਨ ਕੇ ਜਮਾਤਾਂ ਲਗਾਉਣ ਦੀ ਇਜਾਜ਼ਤ ਲਈ ਹਾਈ ਕੋਰਟ ’ਚ ਅਪੀਲ ਦਾਖ਼ਲ ਕੀਤੀ ਹੈ। ਆਪਣੀ ਅਪੀਲ ’ਚ ਵਿਦਿਆਰਥਣਾਂ ਨੇ ਕਿਹਾ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਕਲਾਸਾਂ ਨਹੀਂ ਲਗਾ ਸਕੀਆਂ ਹਨ ਕਿਉਂਕਿ ਉਨ੍ਹਾਂ ਨੂੰ ਹਿਜਾਬ ਪਹਿਨ ਕੇ ਕਲਾਸਾਂ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਤਿਆਰੀ ਲਈ ਹੋਰ ਸਮੇਂ ਦੀ ਲੋੜ ਹੈ। ਇਕ ਪਟੀਸ਼ਨਰ ਏ ਐੱਚ ਅਲਮਾਸ ਨੇ ਕਿਹਾ ਕਿ ਉਨ੍ਹਾਂ ਉਡੁਪੀ ਜ਼ਿਲ੍ਹੇ ਦੇ ਪ੍ਰੀ-ਯੂਨੀਵਰਸਿਟੀ ਸਿੱਖਿਆ ਦੇ ਡਿਪਟੀ ਡਾਇਰੈਕਟਰ ਨੂੰ ਪ੍ਰੈਕਟੀਕਲ ਪ੍ਰੀਖਿਆਵਾਂ ਮੁਲਤਵੀ ਕਰਨ ਦੀ ਬੇਨਤੀ ਕੀਤੀ ਹੈ। ਅਧਿਕਾਰੀ ਨੇ ਕਿਹਾ ਹੈ ਕਿ ਉਹ ਪੀਯੂ ਬੋਰਡ ਦੇ ਸਬੰਧਤ ਅਧਿਕਾਰੀਆਂ ਕੋਲ ਇਹ ਅਪੀਲ ਭੇਜਣਗੇ। ਹਿਜਾਬ ਕੇਸ ਦੀ ਇਕ ਹੋਰ ਪਟੀਸ਼ਨਰ ਆਲੀਆ ਅਸਦੀ ਨੇ ਕਿਹਾ ਕਿ ਹਿਜਾਬ ਵਿਵਾਦ ਦਾ ਸਿਆਸੀਕਰਨ ਹੋਣ ਮਗਰੋਂ ਉਨ੍ਹਾਂ ਨੂੰ ਅਣਪਛਾਤੇ ਨੰਬਰਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਉਸ ਨੇ ਕਿਹਾ ਕਿ ਸਾਰੀਆਂ ਪਟੀਸ਼ਨਰਾਂ ਹਿਜਾਬ ਕੇਸ ਬਾਰੇ ਹਾਈ ਕੋਰਟ ਦੇ ਅੰਤਿਮ ਫ਼ੈਸਲੇ ਦੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਹਨ। ਉਸ ਨੇ ਕਿਹਾ ਕਿ ਫ਼ੈਸਲਾ ਆਉਣ ਤੱਕ ਹਿਜਾਬ ਪਹਿਨੇ ਬਿਨਾਂ ਪ੍ਰੈਕਟੀਕਲ ਪ੍ਰੀਖਿਆ ਦੇਣ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ ਹੈ। -ਪੀਟੀਆਈ
ਉਡੁਪੀ ਦੇ ਕਾਲਜ ’ਚ ਵਿਦਿਆਰਥਣਾਂ ਨੂੰ ਦਾਖ਼ਲ ਨਾ ਹੋਣ ਦਿੱਤਾ
ਮੰਗਲੂਰੂ: ਉਡੁਪੀ ਦੇ ਐੱਮਜੀਐੱਮ ਕਾਲਜ ’ਚ ਅੱਜ ਉਸ ਸਮੇਂ ਰੌਲਾ ਪੈ ਗਿਆ ਜਦੋਂ ਹਿਜਾਬ ਪਹਿਨ ਕੇ ਆਈਆਂ ਕੁਝ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਨੇ ਕਾਲਜ ’ਚੋਂ ਬਾਹਰ ਭੇਜ ਦਿੱਤਾ। ਹਿਜਾਬ ਪਹਿਨ ਕੇ ਆਈਆਂ ਪੋਸਟ ਗ੍ਰੈਜੂਏਟ ਵਿਦਿਆਰਥਣਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਜਮਾਤਾਂ ਲਗਾਉਣ ਜਾਂ ਕਾਲਜ ਅੰਦਰ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜੋ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਹੈ। ਵਿਦਿਆਰਥਣਾਂ ਨੇ ਕਿਹਾ ਕਿ ਉਹ ਪਹਿਲਾਂ ਵੀ ਹਿਜਾਬ ’ਤੇ ਵਿਵਾਦ ਕਾਰਨ ਆਪਣੀਆਂ ਪ੍ਰੀਖਿਆਵਾਂ ਨਹੀਂ ਦੇ ਸਕੀਆਂ ਸਨ। ਪ੍ਰਿੰਸੀਪਲ ਦੇ ਹੁਕਮਾਂ ਮਗਰੋਂ ਵਿਦਿਆਰਥਣਾਂ ਕਾਲਜ ਕੈਂਪਸ ’ਚੋਂ ਚਲੀਆਂ ਗਈਆਂ। -ਪੀਟੀਆਈ