ਮੁੰਬਈ, 6 ਸਤੰਬਰ
ਆਲਮੀ ਬਾਜ਼ਾਰ ਦੇ ਸਕਾਰਾਤਮਕ ਰੁਖ਼, ਰਿਲਾਇੰਸ ਇੰਡਸਟਰੀਜ਼, ਬਜਾਜ ਆਟੋ ਤੇ ਐੱਲਐਂਡਟੀ ਦੇ ਸ਼ੇਅਰਾਂ ਦੇ ਭਾਅ ਵਧਣ ਨਾਲ ਅੱਜ ਮੁੰਬਈ ਸ਼ੇਅਰ ਬਾਜ਼ਾਰ (ਬੀਐੱਸਈ) ਨੇ ਨਵੀਆਂ ਉਚਾਈਆਂ ਨੂੰ ਛੂਹ ਲਿਆ। ਬੀਐੱਸਈ 160 ਅੰਕਾਂ ਤੋਂ ਵੱਧ ਦੇ ਉਛਾਲ ਨਾਲ ਪਹਿਲੀ ਵਾਰ 58,515.85 ਤੱਕ ਅੱਪੜ ਗਿਆ। ਦਿਨ ਦੇ ਕਾਰੋਬਾਰ ਮਗਰੋਂ ਸ਼ੇਅਰ ਬਾਜ਼ਾਰ 166.96 ਅੰਕਾਂ ਦੇ ਉਛਾਲ ਨਾਲ 58,296.91 ਦੇ ਪੱਧਰ ’ਤੇ ਬੰਦ ਹੋਇਆ, ਜੋ ਕਿ ਇਕ ਨਵਾਂ ਰਿਕਾਰਡ ਹੈ। ਇਸੇ ਤਰ੍ਹਾਂ ਐੱਨਐੱਸਈ (ਨਿਫਟੀ) ਵੀ 54.20 ਅੰਕਾਂ ਦੇ ਉਭਾਰ ਨਾਲ 17,377.80 ਦੇ ਰਿਕਾਰਡ ਪੱਧਰ ’ਤੇ ਬੰਦ ਹੋਇਆ। ਇਸ ਤੋਂ ਪਹਿਲਾਂ ਨਿਫਟੀ ਵੀ ਆਪਣੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 17,429.55 ਤੱਕ ਪਹੁੰਚਿਆ। ਐਚਸੀਐਲ, ਇਨਫੋਸਿਸ, ਰਿਲਾਇੰਸ, ਟੈੱਕ ਮਹਿੰਦਰਾ ਤੇ ਬਜਾਜ ਆਟੋ ਨੇ ਇਸ ਦੌਰਾਨ ਸਭ ਤੋਂ ਵੱਧ ਲਾਭ ਕਮਾਇਆ। ਜਦਕਿ ਇੰਡਸਇੰਡ ਬੈਂਕ, ਕੋਟਕ ਬੈਂਕ, ਪਾਵਰ ਗਰਿੱਡ, ਸਨ ਫਾਰਮਾ ਤੇ ਏਸ਼ੀਅਨ ਪੇਂਟਸ ਪੱਛੜ ਗਏ। -ਪੀਟੀਆਈ