ਮੁੰਬਈ, 15 ਜੁਲਾਈ
ਬੰਬੇ ਸਟਾਕ ਐਕਸਚੇਂਜ (ਬੀਐੱਸਈ) ਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ ਦਿਨ ਦੇ ਕਾਰੋਬਾਰ ਮਗਰੋਂ ਰਿਕਾਰਡ ਪੱਧਰ ’ਤੇ ਬੰਦ ਹੋਏ। ਐੱਚਡੀਐੱਫਸੀ, ਐੱਲਐਂਡਟੀ ਤੇ ਐੱਚਸੀਐੱਲ ਟੈੱਕ ਜਿਹੀਆਂ ਪ੍ਰਮੁੱਖ ਕੰਪਨੀਆਂ ਦੇ ਸ਼ੇਅਰਾਂ ਵਿੱਚ ਵੱਡਾ ਉਛਾਲ ਵੇਖਣ ਨੂੰ ਮਿਲਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ 254.75 ਨੁਕਤਿਆਂ ਜਾਂ 0.48 ਫੀਸਦ ਦੇ ਉਭਾਰ ਨਾਲ ਆਪਣੇ ਹੁਣ ਤੱਕ ਦੇ ਰਿਕਾਰਡ ਪੱਧਰ ਉੱਤੇ 53,158.85 ਬੰਦ ਹੋਇਆ। ਉਂਜ ਦਿਨ ਦੇ ਕਾਰੋਬਾਰ ਦੌਰਾਨ ਸ਼ੇਅਰ ਬਾਜ਼ਾਰ 53,266.12 ਨੁਕਤਿਆਂ ਦੀ ਸਿਖਰ ਨੂੰ ਛੂਹ ਕੇ ਮੁੜਿਆ। ਉਧਰ ਐੱਨਐੱਸਈ ਦੇ ਨਿਫਟੀ ਨੇ ਵੀ 70.25 ਨੁਕਤਿਆਂ ਦੇ ਇਜ਼ਾਫ਼ੇ ਨਾਲ 15,924.20 ਦਾ ਰਿਕਾਰਡ ਪੱਧਰ ਦਰਜ ਕੀਤਾ। ਐੱਲਐਂਡਟੀ, ਟੈੱਕ ਮਹਿੰਦਰਾ, ਐੱਚਡੀਐੱਫਸੀ, ਅਲਟਰਾਟੈੱਕ ਸੀਮਿੰਟ, ਆਈਟੀਸੀ ਤੇ ਟਾਟਾ ਸਟੀਲ ਦੇ ਸ਼ੇਅਰਾਂ ਨੇ ਚੰਗੀ ਕਮਾਈ ਕੀਤੀ ਜਦੋਂਕਿ ਭਾਰਤੀ ਏਅਰਟੈੱਲ, ਮਹਿੰਦਰਾ ਐਂਡ ਮਹਿੰਦਰਾ, ਏਸ਼ੀਅਨ ਪੇਂਟਸ, ਟਾਈਟਨ ਤੇ ਸਨ ਫਾਰਮਾਂ ਦੇ ਸ਼ੇਅਰਾਂ ’ਚ ਮੰਦੀ ਵੇਖਣ ਨੂੰ ਮਿਲੀ। -ਪੀਟੀਆਈ