ਸ੍ਰੀਨਗਰ, 28 ਜੂਨ
ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅਤਿਵਾਦੀਆਂ ਦੇ ਹਮਲੇ ਵਿੱਚ ਜ਼ਖ਼ਮੀ ਹੋਈ ਵਿਸ਼ੇਸ਼ ਪੁਲੀਸ ਅਧਿਕਾਰੀ(ਐੱਸਪੀਓ) ਦੀ ਪਤਨੀ ਅਤੇ ਧੀ ਦੀ ਵੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਦੇਰ ਰਾਤ ਅਤਿਵਾਦੀਆਂ ਨੇ ਅਵਾਂਤੀਪੋਰਾ ਇਲਾਕੇ ਦੇ ਹਰੀਪਰਿਗਾਮ ਸਥਿਤ ਐੱਸਪੀਓ ਫਯਾਜ਼ ਅਹਿਮਦ ਦੇ ਘਰ ਵਿੱਚ ਦਾਖਲ ਹੋ ਕੇ ਪਰਿਵਾਰ ’ਤੇ ਗੋਲੀਆਂ ਚਲਾਈਆਂ ਸਨ। ਸਭਨਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿਥੇ ਐੱਸਪੀਓ ਨੇ ਦਮ ਤੋੜ ਦਿੱਤਾ ਸੀ। ਕੁਝ ਘੰਟਿਆਂ ਮਗਰੋਂ ਐੱਸਪੀਓ ਦੀ ਪਤਨੀ ਰਜ਼ਾ ਬੇਗਮ ਅਤੇ ਧੀ ਰਾਫੀਆ ਦੀ ਵੀ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਦਹਿਸ਼ਤਗਰਦਾਂ ਦੀ ਭਾਲ ਆਰੰਭ ਦਿੱੱਤੀ ਹੈ।
ਜੰਮੂ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਵੱਲੋਂ ਹਮਲੇ ਦੀ ਨਿਖੇਧੀ
ਜੰਮੂ ਕ਼ਸਮੀਰ ਦੀਆਂ ਸਿਆਸੀ ਪਾਰਟੀ ਨੇ ਐੱਸਪੀਓ ਦੇ ਪਰਿਵਾਰ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਇਸ ਨੂੰ ‘ਕਾਇਰਾਨਾ ਕਾਰਵਾਈ ਅਤੇ ‘ਇਕ ਤਰ੍ਹਾਂ ਦਾ ਅਤਿਵਾਦ’ ਕਰਾਰ ਦਿੱਤਾ ਹੈ। ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਟਵੀਟ ਕੀਤਾ, ’’ ਮੈਂ ਜੰਮੂ ਕਸ਼ਮੀਰ ਪੁਲੀਸ ਦੇ ਐਸਪੀਓ ਦੇ ਪਰਿਵਾਰ ’ਤੇ ਕੱਲ੍ਹ ਰਾਤ ਹੋਏ ਕਾਇਰਾਨਾ ਅਤਿਵਾਦੀ ਹਮਲੇ ਦੀ ਨਿਖੇਧੀ ਕਰਦਾ ਹਾਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਨ੍ਹਾਂ ਨੂੰ ਜੰਨਤ ਵਿੱਚ ਥਾਂ ਮਿਲੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਰੱਬੀ ਭਾਣਾ ਮੰਨਣ ਦੀ ਤਾਕਤ ਮਿਲੇ। ’’ ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਪ੍ਰਧਾਨ ਮਹਬਿੂਬਾ ਮੁਫਤੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਾਇਰਾਨਾ ਹਮਲੇ ਦੀ ਨਿਖੇਧੀ ਕਰਨ ਲਈ ਉਨ੍ਹਾਂ ਕੋਲ ਕੋਈ ਸਖ਼ਤ ਸਬ਼ਦ ਨਹੀਂ ਹੈ। ਭਾਜਪਾ ਦੇ ਸੂਬਾਈ ਬੁਲਾਰੇ ਅਲਤਾਫ਼ ਠਾਕੁਰ ਨੇ ਵੀ ਇਸ ਨੂੰ ਕਾਇਰਾਨਾ ਅਤੇ ਵਹਿਸ਼ੀਆਨਾ ਹਮਲਾ ਕਰਾਰ ਦਿੰਦਿਆਂ ਨਿਖੇਧੀ ਕੀਤੀ ਹੈ।