ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਨਵੰਬਰ
ਦਿੱਲੀ ਵਿਖੇ ਧਰਨੇ ਦੌਰਾਨ ਜਿੱਥੇ ਕਿਸਾਨ ਆਗੂਆਂ ਦੀਆਂ ਧੂੰਆਂ-ਧਾਰ ਤਕਰੀਰਾਂ ਰੰਗ ਬੰਨ੍ਹੀ ਰੱਖਦੀਆਂ ਹਨ ਉੱਥੇ ਹੀ ਨੌਜਵਾਨ ਵਿਦਿਆਰਥੀਆਂ ਵੱਲੋਂ ਵੀ ਇਨਕਲਾਬੀ ਬੋਲੀਆਂ ਪਾ ਪਾ ਕੇ ਛਹਬਿਰ ਲਾਈ ਹੋਈ ਹੈ।ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਇਕ ਟੋਲੀ ਵੱਲੋਂ ਕਿਸਾਨਾਂ ਦੇ ਧਰਨੇ ਦੌਰਾਨ ਇਨਕਲਾਬੀ ਰੰਗ ਤੇ ਮਨੁੱਖੀ ਅਧਿਕਾਰਾਂ ਦੀ ਹਾਮੀ ਭਰਦੀਆਂ, ਨਾਬਰਾਬਰੀ ਉਪਰ ਵਾਰ ਕਰਦੀਆਂ ਇਨਕਲਾਬੀ ਬੋਲੀਆਂ ਸੁਣਾਈਆਂ ਜਾ ਰਹੀਆਂ ਹਨ। ਸੰਗਰੂਰ ਤੋਂ ਆਏ ਗੁਰਵਿੰਦਰ ਸਿੰਘ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜਗਸੀਰ ਸਿੰਘ ਵੱਲੋਂ ਮਰਹੂਮ ਕਵੀ ਸੰਤ ਰਾਮ ਉਦਾਸੀ ਤੇ ਪਾਸ਼ ਦੀਆਂ ਰਚਨਾਵਾਂ ਸ਼ੌਕ ਨਾਲ ਗਾਈਆਂ ਗਈਆਂ ਜਿਸ ਨੂੰ ਬਾਰਡਰ ਉਪਰ ਪੁੱਜੇ ਕਿਸਾਨਾਂ ਖ਼ਾਸ ਕਰਕੇ ਨੌਜਵਾਨਾਂ ਨੇ ਭਰਵੀਂ ਦਾਦ ਵੀ ਦਿੱਤੀ। ਇਸ ਟੋਲੀ ਨਾਲ ਆਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਨਾਲ ਜੁੜੇ ਕਵੀਆਂ ਦੀਆਂ ਰਚਨਾਵਾਂ ਗਾਉਣਾ ਚੰਗਾ ਲੱਗਦਾ ਹੈ। ਦਿੱਲੀ ਨੂੰ ਵੰਗਾਰਦੇ ਇਨ੍ਹਾਂ ਨੌਜਵਾਨਾਂ ਨੇ ਕਿਸਾਨਾਂ ਦੇ ਹੌਸਲੇ ਵਧਾਏ। ‘ਦੇਸ਼ ਹੈ ਪਿਆਰਾ, ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਇਸ ਦੇ ਲੋਕ ਹਾਣੀਆ’ ਅਸੀਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂ। ਰੁੱਸੀਆਂ ਬਹਾਰਾਂ ਅਸਾਂ ਮੋੜ ਕੇ ਲਿਆਉਣੀਆਂ ਨੇ, ਆਖ ਦੇ ਨੇ ਲੋਕ ਹਾਣੀਆ’ ਤਾਲ ਨਾਲ ਤਾਲ ਮਿਲਾ ਕੇ ਗਾਉਣ ਵਾਲੇ ਇਨ੍ਹਾਂ ਨੌਜਵਾਨਾਂ ਦੀ ਲੋਕ ਮਾਇਆ ਨਾਲ ਵੀ ਹੌਸਲਾ ਅਫ਼ਜਾਈ ਕਰ ਰਹੇ ਹਨ।