ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਰ ਮੁਲਕਾਂ ਦੀ ਸ਼ਮੂਲੀਅਤ ਵਾਲੇ ਸੰਗਠਨ ‘ਕੁਐਡ’ ਦੀ ਮੀਟਿੰਗ ਨੂੰ ਵਰਚੁਅਲੀ ਸੰਬੋਧਨ ਕਰਦਿਆਂ ਕਿਹਾ ਕਿ ਰੂਸ ਤੇ ਯੂਕਰੇਨ ਵਿਚਾਲੇ ਜਾਰੀ ਟਕਰਾਅ ਨੂੰ ਕੂਟਨੀਤੀ ਤੇ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ‘ਕੁਐਡ’ ਨੂੰ ਆਪਣੇ ਮੂਲ ਟੀਚਿਆਂ ’ਤੇ ਕੇਂਦਰਤ ਰਹਿਣਾ ਚਾਹੀਦਾ ਹੈ। ਕੁਐਡ ਦੇ ਹੋਰਨਾਂ ਮੈਂਬਰਾਂ ਵਿੱਚ ਅਮਰੀਕਾ, ਆਸਟਰੇਲੀਆ ਤੇ ਜਾਪਾਨ ਸ਼ਾਮਲ ਹਨ। ਸ੍ਰੀ ਮੋਦੀ ਨੇ ਕਿਹਾ ਕਿ ਕੁਐਡ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਅਮਨ, ਸਥਿਰਤਾ ਤੇ ਖੁਸ਼ਹਾਲੀ ਦੇ ਪ੍ਰਚਾਰ ਪਾਸਾਰ ਦੇ ਆਪਣੇ ਅਸਲ ਟੀਚੇ ਵੱਲ ਕੇਂਦਰਤ ਰਹੇ। ਪ੍ਰਧਾਨ ਮੰਤਰੀ ਦਫ਼ਤਰ ਨੇ ਇਕ ਬਿਆਨ ਵਿੱਚ ਕਿਹਾ ਕਿ ਆਗੂਆਂ ਨੇ ਸੰਗਠਨ ਦੀ ਇਸ ਸਾਲ ਜਾਪਾਨ ਵਿੱਚ ਹੋਣ ਵਾਲੀ ਸਿਖਰ ਵਾਰਤਾ ਤੱਕ ਸਾਰੇ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਨ ਦੀ ਸਹਿਮਤੀ ਦਿੱਤੀ।