ਨਵੀਂ ਦਿੱਲੀ, 19 ਨਵੰਬਰ
ਸਿੰਘੂ ਸਰਹੱਦ ਦੇ ਆਸਪਾਸ ਰਹਿਣ ਵਾਲੇ ਵਪਾਰੀਆਂ ਅਤੇ ਆਮ ਲੋਕਾਂ ਨੇ ਖੇਤੀ ਕਾਨੂੰਨ ਰੱਦ ਹੋਣ ਦਾ ਐਲਾਨ ਸੁਣ ਕੇ ਸੁੱਖ ਦੀ ਸਾਹ ਲਿਆ ਹੈ। ਪਿਛਲੇ ਸਾਲ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਸੜਕਾਂ ਜਾਮ ਕਰਨ ਨਾਲ ਉਨ੍ਹਾਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਸੀ। ਸਿੰਘੂ ਸਰਹੱਦ ਉੱਤੇ ਦੁਕਾਨ ਚਲਾਉਣ ਵਾਲੇ ਸੰਦੀਪ ਲੋਚਨ ਨੇ ਕਿਹਾ ਕਿ ਉਸ ਦਾ ਕਾਰੋਬਾਰ 10 ਫੀਸਦ ਤੱਕ ਘੱਟ ਗਿਆ ਹੈ ਤੇ ਕਾਰੋਬਾਰ ਮੁੜ ਪਟੜੀ ਉੱਤੇ ਲਿਆਉਣ ਲਈ ਛੇ ਮਹੀਨਿਆਂ ਤੋਂ ਇਕ ਸਾਲ ਲੱਗ ਸਕਦਾ ਹੈ। ਸਿੰਘੂ ਬਾਰਡਰ ਨੇੜੇ ਸਥਿਤ ਪਿੰਡ ਖਟਕੜ ਦੇ ਜੈਪਾਲ ਨੇ ਕਿਹਾ ਕਿ ਅੰਦਰੂਨੀ ਇਲਾਕਿਆਂ ਵਿੱਚ ਆਵਾਜਾਈ ਵਧਣ ਕਾਰਨ ਸੜਕਾਂ ਨੁਕਸਾਨੀਆਂ ਗਈਆਂ ਹਨ। ਸਿੰਘੂ ਸਰਹੱਦ ਨੇੜੇ ਕਈ ਦੁਕਾਨਾਂ ਬੰਦ ਪਈਆਂ ਹਨ ਤੇ ਇਨ੍ਹਾਂ ਦੇ ਸ਼ਟਰਾਂ ਉੱਤੇ ਧੂੜ ਜਮ੍ਹਾਂ ਹੋ ਗਈ ਹੈ। -ਪੀਟੀਆਈ