ਜਗਮੋਹਨ ਸਿੰਘ
ਘਨੌਲੀ, 15 ਦਸੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਦਿੱਲੀ ਵਿੱਚ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀ ਸਿੱਖ ਸੰਗਤ ਨੂੰ ਆਪਣੇ ਸਰੂਪ ਨੂੰ ਕਾਇਮ ਰੱਖਦੇ ਹੋਏ ਆਪਣੇ ਮਿਸ਼ਨ ਪ੍ਰਤੀ ਅਡੋਲ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਨਿੰਦਾ ਕਰਨ ਵਾਲਿਆਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਵਿਖੇ ਮੀਡੀਆ ਵੱਲੋਂ ਬੀਤੇ ਦਿਨ ਦਿੱਲੀ ਵਿੱਚ ਨਿਸ਼ਾਨ ਸਾਹਿਬ ਦੇ ਮੁੱਦੇ ’ਤੇ ਹੋਏ ਵਿਵਾਦ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਪੂਰੀ ਦੁਨੀਆਂ ਦੇ ਲੋਕ ਇੱਕ ਮੁੱਦੇ ਨੂੰ ਲੈ ਕੇ ਇੱਕਮੱਤ ਹੋ ਚੁੱਕੇ ਹਨ ਤਾਂ ਉਨ੍ਹਾਂ ਨੂੰ ਲੋਕਾਂ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੀ ਕਿਸਾਨਾਂ ਵਿੱਚੋਂ ਉਪਜੀ ਇੱਕ ਸੰਸਥਾ ਹੈ ਤੇ ਸਿਰਫ ਸਿੱਖਾਂ ’ਤੇ ਹੀ ਨਹੀਂ ਸਗੋਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਦੋਂ ਲੋੜ ਪਈ ਹੈ ਤਾਂ ਸ੍ਰੋਮਣੀ ਕਮੇਟੀ ਸੇਵਾ ਲਈ ਅੱਗੇ ਆਈ ਹੈ ਅਤੇ ਇਸੇ ਤਰ੍ਹਾਂ ਹੀ ਹੁਣ ਵੀ ਦਿੱਲੀ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਕਿਸਾਨਾਂ ਦੀ ਮੱਦਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਲਈ ਵਾਟਰ ਪਰੂਫ ਟੈਂਟਾਂ, ਬੀਬੀਆਂ ਲਈ ਪਖਾਨਿਆਂ ਤੇ ਸਮੂਹ ਸੰਗਤ ਲਈ ਦਵਾਈਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ।