ਮੁੰਬਈ, 22 ਦਸੰਬਰ
ਸ਼ਿਵ ਸੈਨਾ ਨੇ ਸਵਾਲ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ’ਚ ਰਕਾਬਗੰਜ ਗੁਰਦੁਆਰੇ ਜਾਣ ਅਤੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਪ੍ਰੇਰਣਾ ਲੈਣ ਦੀ ਅਪੀਲ ਨਾਲ ਕਿਸਾਨਾਂ ਦੇ ਪ੍ਰਦਰਸ਼ਨ ਦਾ ਕੀ ਸਿੱਟਾ ਨਿਕਲੇਗਾ, ਜਿਸ ’ਚ ਗੁਰੂਆਂ ਦੇ ਸ਼ਰਧਾਲੂ ਵੀ ਸ਼ਾਮਲ ਹਨ। ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਦੀ ਸੰਪਾਦਕੀ ’ਚ ਸ੍ਰੀ ਮੋਦੀ ਦੇ ਐਤਵਾਰ ਨੂੰ ਗੁਰਦੁਆਰੇ ਜਾਣ ਅਤੇ ਗੁਰੂ ਤੇਗ ਬਹਾਦਰ ਨੂੰ ਉਨ੍ਹਾਂ ਦੇ ਸਰਬਉੱਚ ਬਲਿਦਾਨ ਲਈ ਸ਼ਰਧਾਂਜਲੀ ਦੇਣ ਦਾ ਜ਼ਿਕਰ ਕੀਤਾ ਗਿਆ ਹੈ। ਸੰਪਾਦਕੀ ’ਚ ਕਿਹਾ ਗਿਆ ਹੈ ਕਿ ਸ੍ਰੀ ਮੋਦੀ ਦੇ ਗੁਰਦੁਆਰੇ ਜਾਣ ’ਤੇ ਵੀ ਕਿਸਾਨ ਡਟੇ ਰਹੇ ਅਤੇ ਸਿੱਖ ਕਿਸਾਨਾਂ ਨਾਲ ਉਨ੍ਹਾਂ ਪ੍ਰਦਰਸ਼ਨ ਜਾਰੀ ਰੱਖਿਆ। ‘ਪ੍ਰਧਾਨ ਮੰਤਰੀ ਨੇ ਗੁਰੂ ਤੇਗ ਬਹਾਦਰ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ ਹੈ। ਸੁਣ ਕੇ ਖੁਸ਼ੀ ਹੋਈ। ਹਜ਼ਾਰਾਂ ਸਿੱਖ ਯੋਧੇ ਉਨ੍ਹਾਂ ਤੋਂ ਪ੍ਰੇਰਣਾ ਲੈ ਕੇ ਦਿੱਲੀ ਸਰਹੱਦ ਨੇੜੇ ਲੜਾਈ ਲੜ (ਅੰਦੋਲਨ) ਰਹੇ ਹਨ। ਅਜਿਹੇ ’ਚ ਸਵਾਲ ਪੈਦਾ ਹੁੰਦਾ ਹੈ ਕਿ ਇਸ ਲੜਾਈ ਦਾ ਕੀ ਸਿੱਟਾ ਨਿਕਲੇਗਾ।’ ਸੰਪਾਦਕੀ ’ਚ ਲਿਖਿਆ ਹੈ ਕਿ ਸ੍ਰੀ ਮੋਦੀ ਦੇ ਗੁਰਦੁਆਰੇ ਪਹੁੰਚਣ ’ਤੇ ਉਥੇ ‘ਕਥਾ’ ਹੋ ਰਹੀ ਸੀ ਅਤੇ ਗੁਰਬਾਣੀ ਦੀ ਵਿਆਖਿਆ ਦੌਰਾਨ ਆਖਿਆ ਜਾ ਰਿਹਾ ਸੀ ਕਿ ਜੇਕਰ ਕੋਈ ਆਪਣੇ ਵਿਚਾਰ ਨਹੀਂ ਬਦਲਦਾ ਹੈ ਤਾਂ ਰੱਬ ਦੀ ਸੇਵਾ ਅਤੇ ਉਸ ਪ੍ਰਤੀ ਸ਼ਰਧਾ ਕਿਸੇ ਕੰਮ ਦੀ ਨਹੀਂ ਹੈ। ਪਵਿੱਤਰ ਧਾਰਮਿਕ ਗ੍ਰੰਥ ਨੂੰ ਜਿੰਨੀ ਵਾਰ ਵੀ ਪੜ੍ਹ ਲਵੋ ਜੇਕਰ ਇਸ ਨਾਲ ਤੁਹਾਨੂੰ ਕੋਈ ਸਿੱਖਿਆ ਨਹੀਂ ਮਿਲਦੀ ਹੈ ਤਾਂ ਇਸ ਦਾ ਕੋਈ ਲਾਭ ਨਹੀ ਹੈ। ਨਾਲ ਹੀ ਇਹ ਵੀ ਸਵਾਲ ਕੀਤਾ ਗਿਆ ਹੈ ਕਿ ਜੇਕਰ ਕਿਸੇ ਦਾ ਸਮਾਂ ਆ ਗਿਆ ਹੈ ਅਤੇ ਉਸ ਨੂੰ ਆਪਣੇ ਕਰਮਾਂ ਦਾ ਹਿਸਾਬ-ਕਿਤਾਬ ਦੇਣਾ ਪਵੇਗਾ ਤਾਂ ਉਹ ਕੀ ਕਰੇਗਾ। ਗੁਰਬਾਣੀ ਮੁਤਾਬਕ ਸਮੇਂ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਹੈ। -ਪੀਟੀਆਈ