ਨਵੀਂ ਦਿੱਲੀ, 11 ਅਕਤੂਬਰ
ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਧੜੇ ‘ਬਾਲਾਸਾਹਿਬਆਂਚੀ ਸ਼ਿਵ ਸੈਨਾ’ ਨੇ ਆਪਣੀ ਪਸੰਦ ਦੇ ਤਿੰਨ ਚੋਣ ਨਿਸ਼ਾਨਾਂ ਦੀ ਸੂਚੀ ਅੱਜ ਚੋਣ ਕਮਿਸ਼ਨ ਨੂੰ ਸੌਂਪ ਦਿੱਤੀ ਸੀ ਪਰ ਕਮਿਸ਼ਨ ਵੱਲੋਂ ਪਾਰਟੀ ਨੂੰ ਦੋ ਤਲਵਾਰਾਂ ਅਤੇ ਢਾਲ ਦਾ ਚੋਣ ਨਿਸ਼ਾਨ ਅਲਾਟ ਕਰ ਦਿੱਤਾ ਗਿਆ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਇਸ ਚੋਣ ਨਿਸ਼ਾਨ ਨੂੰ ਸ਼ਿਵਾ ਜੀ ਮਰਹੱਟਾ ਨਾਲ ਜੋੜਕੇ ਇਸ ਚੋਣ ਨਿਸ਼ਾਨ ਨੂੰ ਯੋਧਿਆਂ ਦਾ ਚੋਣ ਨਿਸ਼ਾਨ ਦੱਸਿਆ ਹੈ।
ਸੂਤਰਾਂ ਨੇ ਦੱਸਿਆ ਕਿ ਅੱਜ ਇਸ ਤੋਂ ਪਹਿਲਾਂ ਸ਼ਿੰਦੇ ਧੜੇ ਨੇ ਤਿੰਨ ਚੋਣ ਨਿਸ਼ਾਨ ‘ਪਿੱਪਲ ਦਾ ਰੁੱਖ’, ‘ਤਲਵਾਰ’ ਅਤੇ ‘ਸੂਰਜ’ ਵਿੱਚੋਂ ਇੱਕ ਦੀ ਮੰਗ ਕੀਤੀ ਸੀ ਪਰ ਆਖਿਰ ਨੂੰ ਪਾਰਟੀ ਦੋ ਤਲਵਾਰਾਂ ਅਤੇ ਢਾਲ ਚੋਣ ਨਿਸ਼ਾਨ ਹਾਸਲ ਕਰ ਲਿਆ ਹੈ। ਚੋਣ ਕਮਿਸ਼ਨ ਨੇ ਲੰਘੇ ਸ਼ਨਿਚਰਵਾਰ ਨੂੰ ਸ਼ਿਵ ਸੈਨਾ ਦੇ ਦੋਵਾਂ ਧੜਿਆਂ ਨੂੰ ਤਿੰਨ ਨਵੰਬਰ ਨੂੰ ਅੰਧੇਰੀ ਪੂਰਬ ਵਿਧਾਨ ਸਭਾ ਸੀਟ ’ਤੇ ਹੋਣ ਵਾਲੀ ਉੱਪ ਚੋਣ ’ਚ ਪਾਰਟੀ ਦਾ ਨਾਂ ਤੇ ਚੋਣ ਨਿਸ਼ਾਨ ਦੀ ਵਰਤੋਂ ਕਰਨ ’ਤੇ ਪਾਬੰਦੀ ਲਗਾ ਦਿੱਤੀ ਸੀ। ਕਮਿਸ਼ਨ ਨੇ ਬੀਤੇ ਦਿਨ ਊਧਵ ਠਾਕਰੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਧੜੇ ਨੂੰ ‘ਮਸ਼ਾਲ’ ਚੋਣ ਨਿਸ਼ਾਨ ਅਲਾਟ ਕੀਤਾ ਸੀ। ਉਸ ਨੇ ਠਾਕਰੇ ਧੜੇ ਲਈ ਪਾਰਟੀ ਦੇ ਨਾਂ ਵਜੋਂ ‘ਸ਼ਿਵ ਸੈਨਾ: ਊਧਵ ਬਾਲਾਸਾਹਿਬ ਠਾਕਰੇ’ ਜਦਕਿ ਏਕਨਾਥ ਸ਼ਿੰਦੇ ਦੇ ਧੜੇ ਨੂੰ ‘ਬਾਲਾਸਾਹਿਬਆਂਚੀ ਸ਼ਿਵ ਸੈਨਾ (ਬਾਲਾਸਾਹਿਬ ਦੀ ਸ਼ਿਵ ਸੈਨਾ)’ ਨਾਂ ਅਲਾਟ ਕੀਤਾ ਸੀ। ਕਮਿਸ਼ਨ ਨੇ ਸ਼ਿੰਦੇ ਧੜੇ ਦੇ ਚੋਣ ਨਿਸ਼ਾਨ ਵਜੋਂ ‘ਤ੍ਰਿਸ਼ੂਲ’, ‘ਗੁਰਜ’ ਤੇ ‘ਉੱਗਦੇ ਸੂਰਜ’ ਨੂੰ ਖਾਰਜ ਕਰ ਦਿੱਤਾ ਸੀ। ਕਮਿਸ਼ਨ ਨੇ ਸ਼ਿੰਦੇ ਧੜੇ ਨੂੰ ਅੱਜ ਸਵੇਰ ਤੱਕ ਚੋਣ ਨਿਸ਼ਾਨਾਂ ਲਈ ਨਵੀਂ ਸੂਚੀ ਸੌਂਪਣ ਲਈ ਕਿਹਾ ਸੀ। -ਪੀਟੀਆਈ