ਨਵੀਂ ਦਿੱਲੀ, 21 ਸਤੰਬਰ
ਭਾਰਤੀ ਸੀਰਮ ਇੰਸਟੀਚਿਊਟ (ਐੱਸਆਈਆਈ) ਨੇ ਅੱਜ ਕੇਂਦਰ ਸਰਕਾਰ ਨੂੰ ਦੱਸਿਆ ਕਿ ਉਹ ਅਗਲੇ ਮਹੀਨੇ ਅਕਤੂਬਰ ਵਿੱਚ ਕੋਵੀਸ਼ੀਲਡ ਦੀਆਂ 22 ਕਰੋੜ ਦੇ ਕਰੀਬ ਖੁਰਾਕਾਂ ਸਪਲਾਈ ਕਰਨ ਦੇ ਸਮਰੱਥ ਹੋ ਜਾਵੇਗੀ। ਕਾਬਿਲੇਗੌਰ ਹੈ ਕਿ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਲੰਘੇ ਦਿਨ ਐਲਾਨ ਕੀਤਾ ਸੀ ਕਿ ਉਹ ‘ਵੈਕਸੀਨ ਮੈਤਰੀ’ ਪ੍ਰੋਗਰਾਮ ਤਹਿਤ ਅਗਾਮੀ ਚੌਥੀ ਤਿਮਾਹੀ ਵਿੱਚ ਕੋਵਿਡ ਵੈਕਸੀਨ ਦੀਆਂ ਵਾਧੂ ਖੁਰਾਕਾਂ ਦੀ ਬਰਾਮਦ ਕਰੇਗਾ। ਐੱਸਆਈਆਈ ਵਿੱਚ ਸਰਕਾਰ ਤੇ ਰੈਗੂਲੇਟਰੀ ਮਾਮਲਿਆਂ ਬਾਰੇ ਡਾਇਰੈਕਟਰ ਪ੍ਰਕਾਸ਼ ਸਿੰਘ ਨੇ ਕੇਂਦਰ ਸਰਕਾਰ ਨੂੰ ਲੰਘੇ ਦਿਨ ਭੇਜੇ ਇਕ ਪੱਤਰ ਵਿੱਚ ਕਿਹਾ ਸੀ ਕਿ ਫਰਮ ਨੇ ਕੋਵੀਸ਼ੀਲਡ ਦੀ ਆਪਣੀ ਉਤਪਾਦਨ ਸਮਰੱਥਾ ਨੂੰ ਵਧਾ ਦਿੱਤਾ ਹੈ ਤੇ ਉਹ ਅਕਤੂਬਰ ਵਿੱਚ ਕੇਂਦਰ ਸਰਕਾਰ ਤੇ ਨਿੱਜੀ ਹਸਪਤਾਲਾਂ ਨੂੰ 21.90 ਕਰੋੜ ਖੁਰਾਕਾਂ ਸਪਲਾਈ ਕਰਨ ਦੇ ਸਮਰੱਥ ਹੋ ਜਾਵੇਗੀ। ਕੰਪਨੀ ਨੇ ਕੋਵੀਸ਼ੀਲਡ ਦੀ ਆਪਣੀ ਉਤਪਾਦਨ ਸਮਰੱਥਾ ਨੂੰ 20 ਕਰੋੜ ਖੁਰਾਕਾਂ ਪ੍ਰਤੀ ਮਹੀਨਾ ਕਰ ਦਿੱਤਾ ਹੈ। ਸਿੰਘ ਨੇ ਕਿਹਾ ਕਿ ਫਰਮ 31 ਦਸੰਬਰ ਤੱਕ 66 ਕਰੋੜ ਖੁਰਾਕਾਂ ਸਪਲਾਈ ਕਰਨ ਦੇ ਹਾਲੀਆ ਸਪਲਾਈ ਆਰਡਰ ਨੂੰ ਪੂਰਾ ਕਰ ਲਏੇਗੀ। -ਪੀਟੀਆਈ
ਬੱਚਿਆਂ ਲਈ ਕੋਵੈਕਸੀਨ: ਭਾਰਤ ਬਾਇਓਟੈੱਕ ਵੱਲੋਂ ਦੂਜੇ ਤੇ ਤੀਜੇ ਗੇੜ ਦੇ ਟਰਾਇਲ ਮੁਕੰਮਲ
ਹੈਦਰਾਬਾਦ: ਭਾਰਤ ਬਾਇਓਟੈੱਕ ਨੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਵਿਡ-19 ਤੋਂ ਬਚਾਅ ਲਈ ਦਿੱਤੀ ਜਾਣ ਵਾਲੀ ਵੈਕਸੀਨ ‘ਕੋਵੈਕਸੀਨ’ ਦੇ ਦੂਜੇ ਤੇ ਤੀਜੇ ਗੇੜ ਦੇ ਟਰਾਇਲ ਮੁਕੰਮਲ ਕਰ ਲਏ ਹਨ। ਭਾਰਤ ਬਾਇਓਟੈੱਕ ਇੰਟਰਨੈਸ਼ਨਲ ਲਿਮਟਿਡ ਦੇ ਚੇਅਰਮੈਨ ਤੇ ਪ੍ਰਬੰਧਕੀ ਨਿਰਦੇਸ਼ਕ ਕ੍ਰਿਸ਼ਨਾ ਐਲਾ ਨੇ ਕਿਹਾ ਕਿ ਭਾਰਤੀ ਡਰੱਗ ਕੰਟਰੋਲਰ ਜਨਰਲ (ਡੀਸੀਜੀਆਈ) ਨੂੰ ਅਗਲੇ ਹਫ਼ਤੇ ਤੱਕ ਟਰਾਇਲਾਂ ਨਾਲ ਸਬੰਧਤ ਡੇਟਾ ਸੌਂਪ ਦਿੱਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾ ਨੇ ਕਿਹਾ ਕਿ ਸਤੰਬਰ ਵਿੱਚ ਕੋਵੈਕਸੀਨ ਦਾ ਉਤਪਾਦਨ 3.5 ਕਰੋੜ ਖੁਰਾਕਾਂ ਸੀ, ਜੋ ਅਗਲੇ ਮਹੀਨੇ ਤੱਕ ਵਧ ਕੇ 5.5 ਕਰੋੜ ਖੁਰਾਕਾਂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਫਰਮ ਵੱਲੋਂ ਤਿਆਰ ਇੰਟਰਾਨੇਜ਼ਲ (ਨੱਕ ਰਾਹੀਂ ਲਈ ਜਾਣ ਵਾਲੀ) ਵੈਕਸੀਨ ਦੇ ਦੂਜੇ ਗੇੜ ਦੇ ਟਰਾਇਲਾਂ ਦੇ ਅਗਲੇ ਮਹੀਨੇ ਤੱਕ ਮੁਕੰਮਲ ਹੋਣ ਦੇ ਆਸਾਰ ਹਨ। ਇਹ ਟਰਾਇਲ 650 ਵਾਲੰਟੀਅਰਾਂ ’ਤੇ ਕੀਤਾ ਗਿਆ ਸੀ। -ਪੀਟੀਆਈ