ਨਵੀਂ ਦਿੱਲੀ: ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ ਹੈ ਕਿ ਕੰਪਨੀ ਵੱਲੋਂ ਛੇ ਮਹੀਨਿਆਂ ਵਿੱਚ ਬੱਚਿਆਂ ਲਈ ਕੋਵਿਡ ਵੈਕਸੀਨ ਲਾਂਚ ਕਰਨ ਦੀ ਯੋਜਨਾ ਹੈ। ਇੱਥੇ ਇੱਕ ਸਨਅਤੀ ਕਾਨਫਰੰਸ ਵਿੱਚ ਭਾਗ ਲੈਂਦਿਆਂ ਉਨ੍ਹਾਂ ਕਿਹਾ ਕਿ ਵੈਕਸੀਨ ‘ਕੋਵੋਵੈਕਸ’ ਦਾ ਟਰਾਇਲ ਚੱਲ ਰਿਹਾ ਹੈ ਤੇ ਇਸ ਨਾਲ ਤਿੰਨ ਵਰ੍ਹਿਆਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਮਹਾਮਾਰੀ ਤੋਂ ਸੁਰੱਖਿਅਤ ਰਹਿਣ ਵਿੱਚ ਮਦਦ ਮਿਲੇਗੀ। ਮੌਜੂਦਾ ਸਮੇਂ 18 ਸਾਲਾਂ ਤੋਂ ਉੱਪਰ ਦੇ ਲੋਕਾਂ ਲਈ ਕੋਵੀਸ਼ੀਲਡ ਤੇ ਹੋਰ ਕੋਵਿਡ- 19 ਵੈਕਸੀਨਾਂ ਨੂੰ ਮਨਜ਼ੂਰੀ ਮਿਲੀ ਹੋਈ ਹੈ। ਸ੍ਰੀ ਪੂਨਾਵਾਲਾ ਨੇ ਕਿਹਾ,‘ਸਾਨੂੰ ਪਿਛਲੇ ਕੁਝ ਸਮੇਂ ਦੌਰਾਨ ਬੱਚਿਆਂ ਵਿੱਚ ਕੋਈ ਵੱਡੀ ਬਿਮਾਰੀ ਦੇਖਣ ਨੂੰ ਨਹੀਂ ਮਿਲੀ ਹੈ। ਇਹ ਖੁਸ਼ਕਿਸਮਤੀ ਹੈ ਕਿ ਬੱਚਿਆਂ ਲਈ ਕਰੋਨਾ ਦਾ ਕੋਈ ਡਰ ਨਹੀਂ ਹੈ। ਹਾਲਾਂਕਿ, ਅਸੀਂ ਅਗਲੇ ਛੇ ਮਹੀਨਿਆਂ ਵਿੱਚ ਤਿੰਨ ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਲਈ ਵੈਕਸੀਨ ਲਾਂਚ ਕਰ ਦੇਵਾਂਗੇ।’ ਭਾਰਤ ਵਿੱਚ ਇਸ ਸਮੇਂ ਦੋ ਕੰਪਨੀਆਂ ਲਾਇਸੈਂਸਸ਼ੁਦਾ ਹਨ ਤੇ ਉਨ੍ਹਾਂ ਦੀਆਂ ਵੈਕਸੀਨਾਂ ਜਲਦੀ ਹੀ ਉਪਲੱਬਧ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਕੋਵੋਵੈਕਸ ਦਾ ਟਰਾਇਲ ਚੱਲ ਰਿਹਾ ਹੈ ਤੇ ਤਿੰਨ ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ’ਤੇ ਇਸ ਦੀ ਵਰਤੋਂ ਦੇ ਸ਼ਾਨਦਾਰ ਨਤੀਜੇ ਮਿਲੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਜੇ ਓਮੀਕਰੋਨ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਵੇਂ ਬੱਚਿਆਂ ਨੂੰ ਪ੍ਰਭਾਵਿਤ ਕਰੇਗਾ।-ਪੀਟੀਆਈ
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦੱਸਿਆ ਕਿ ਦਿੱਲੀ ਵਿੱਚ ਓਮੀਕਰੋਨ ਵੇਰੀਐਂਟ ਦੇ ਚਾਰ ਨਵੇਂ ਕੇਸ ਮਿਲੇ ਹਨ। ਹੁਣ ਦਿੱਲੀ ਵਿੱਚ ਓਮੀਕਰੋਨ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ ਛੇ ਹੋ ਗਈ ਹੈ। ਇਨ੍ਹਾਂ ਸਾਰੇ ਮਰੀਜ਼ਾਂ ਦੀ ਰਿਪੋਰਟ ਦਿੱਲੀ ਹਵਾਈ ਅੱਡੇ ’ਤੇ ਪਾਜ਼ੇਟਿਵ ਮਿਲੀ ਸੀ ਤੇ ਸਾਰਿਆਂ ਨੂੰ ਲੋਕ ਨਾਇਕ ਹਸਪਤਾਲ ਭੇਜਿਆ ਗਿਆ, ਜਿੱਥੇ ਉਨ੍ਹਾਂ ਦੇ ਨਮੂਨੇ ਜੀਨੋਮ ਜਾਂਚ ਲਈ ਭੇਜੇ ਗਏ ਸਨ। ਉਨ੍ਹਾਂ ਦੱਸਿਆ ਕਿ ਇੱਕ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਕਮਿਊਨਿਟੀ ਟਰਾਂਸਮਿਸ਼ਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਮੁਲਕ ਵਿੱਚ ਕਰੋਨਾ ਕੇਸਾਂ ਦੀ ਗਿਣਤੀ 571 ਦਿਨਾਂ ਵਿੱਚ ਸਭ ਤੋਂ ਘੱਟ
ਨਵੀਂ ਦਿੱਲੀ: ਭਾਰਤ ਵਿੱਚ ਅੱਜ ਕੋਵਿਡ- 19 ਦੇ 5,784 ਮਾਮਲੇ ਮਿਲੇ ਹਨ ਜੋ ਪਿਛਲੇ 571 ਦਿਨਾਂ ਵਿੱਚ ਸਭ ਤੋਂ ਘੱਟ ਹਨ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਅੱਜ ਕਰੋਨਾ ਦੇ ਨਵੇਂ ਕੇਸਾਂ ਨਾਲ ਮੁਲਕ ਵਿੱਚ ਇਸ ਮਹਾਮਾਰੀ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 3,47,03,644 ਹੋ ਗਈ ਹੈ। ਇਸ ਮਹਾਮਾਰੀ ਨਾਲ ਅੱਜ 252 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਜਿਸ ਕਾਰਨ ਮੁਲਕ ਵਿੱਚ ਕਰੋਨਾ ਮੌਤਾਂ ਦੀ ਗਿਣਤੀ ਵਧ ਕੇ 4,75,888 ਹੋ ਗਈ ਹੈ। ਪਿਛਲੇ 47 ਦਿਨਾਂ ਵਿੱਚ ਕਰੋਨਾਵਾਇਰਸ ਲਾਗ ਦੇ ਨਵੇਂ ਕੇਸ 15,000 ਤੋਂ ਘੱਟ ਦਰਜ ਕੀਤੇ ਗਏ ਹਨ। -ਪੀਟੀਆਈ
134.53 ਕਰੋੜ ਤੋਂ ਵੱਧ ਲੋਕਾਂ ਦਾ ਟੀਕਾਕਰਨ
ਇਸ ਦੌਰਾਨ ਅੱਜ ਸਿਹਤ ਮੰਤਰਾਲੇ ਨੇ ਦੱਸਿਆ ਕਿ ਭਾਰਤ ਵਿੱਚ ਕੋਵਿਡ- 19 ਤੋਂ ਬਚਾਅ ਲਈ 134.53 ਕਰੋੜ ਤੋਂ ਵੱਧ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ। ਸ਼ਾਮ 7 ਵਜੇ ਤੱਕ 62,17,862 ਜਣਿਆਂ ਦਾ ਟੀਕਾਕਰਨ ਹੋ ਚੁੱਕਾ ਸੀ।