ਨਵੀਂ ਦਿੱਲੀ, 21 ਜੁਲਾਈ
ਵਿਸ਼ਵ ਦੇ ਸਭ ਤੋਂ ਵੱਡੇ ਵੈਕਸੀਨ (ਗਿਣਤੀ ’ਚ) ਨਿਰਮਾਤਾ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਐੱਸਆਈ) ਨੇ ਪੱਤਰ ਰਾਹੀਂ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੂੰ ਮੌਜੂਦਾ ਡਰੱਗ ਰੈਗੂਲੇਟਰੀ ਸਿਸਟਮ ’ਚ ਸੁਧਾਰ ਦਾ ਸੁਝਾਅ ਦਿੱਤਾ ਹੈ। ਇਸ ਵਿੱਚ ਕਲੀਨੀਕਲ ਟਰਾਇਲ ਦੌਰਾਨ ਗ਼ੈਰ-ਕਰੋਨਾ ਟੀਕਿਆਂ ਦੇ ਨਿਰਮਾਣ ਅਤੇ ਭੰਡਾਰ ਕਰਨ ਦੀ ਆਗਿਆ ਦੇਣਾ ਸ਼ਾਮਲ ਹੈ।
ਅਧਿਕਾਰਤ ਸੂਤਰਾਂ ਮੁਤਾਬਕ ਪੁਣੇ ਅਧਾਰਿਤ ਐੱਸਐੱਸਆਈ ਦੇ ਸਰਕਾਰ ਤੇ ਰੈਗੂਲੇਟਰੀ ਮਾਮਲਿਆਂ ਬਾਰੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਪੱਤਰ ਵਿੱਚ ਕੇਂਦਰੀ ਸਿਹਤ ਮੰਤਰਾਲੇ ਦੇ 18 ਮਈ 2020 ਦੇ ਗਜ਼ਟ ਨੋਟੀਫਿਕੇਸ਼ਨ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕਲੀਨੀਕਲ ਪਰਖ ਅਧੀਨ ਕਰੋਨਾ ਟੀਕਿਆਂ ਦੇ ਨਿਰਮਾਣ ਅਤੇ ਭੰਡਾਰ ਲਈ ਵਿਕਰੀ ਜਾਂ ਵੰਡ ਦੇ ਮਾਰਕੀਟਿੰਗ ਅਧਿਕਾਰ ਦੀ ਮਨਜ਼ੂਰੀ ਦਿੰਦਾ ਹੈ। ਉਨ੍ਹਾਂ ਕਿਹਾ, ‘ਇਸ ਨਿਯਮ ਸਦਕਾ ਸਾਡੇ ਲਈ ਕਲੀਨੀਕਲ ਅਜ਼ਮਾਇਸ਼ ਅਧੀਨ ਕਰੋਨਾ ਟੀਕਿਆਂ ਦਾ ਨਿਰਮਾਣ ਅਤੇ ਭੰਡਾਰ ਕਰਨਾ ਸੰਭਵ ਹੈ ਅਤੇ ਲੱਖਾਂ ਲੋਕਾਂ ਦੀ ਜਾਨ ਬਚਾਉਣ ਲਈ ਅਸੀਂ ਇਸ ਨੂੰ ਬਹੁਤ ਘੱਟ ਸਮੇਂ ’ਚ ਮੁਹੱਈਆ ਕਰਵਾ ਸਕਦੇ ਹਾਂ।’
ਇੱਕ ਸੂਤਰ ਮੁਤਾਬਕ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਸਿਹਤ ਮੰਤਰੀ ਨੂੰ ਪੱਤਰ ’ਚ ਲਿਖਿਆ ਹੈ, ‘ਜੇਕਰ ਇਹ ਨਿਯਮ ਗ਼ੈਰ-ਕਰੋਨਾ ਟੀਕਿਆਂ ਲਈ ਵੀ ਲਾਗੂ ਕਰ ਦਿੱੱਤਾ ਜਾਂਦਾ ਹੈ ਤਾਂ ਇਸ ਨਾਲ ਵੈਕਸੀਨ ਇੰਡਸਟਰੀ ਨੂੰ ਬਹੁਤ ਜ਼ਿਆਦਾ ਮਦਦ ਮਿਲੇਗੀ।’
ਸ੍ਰੀ ਸਿੰਘ ਨੇ ਕਲੀਨੀਕਲ ਟਰਾਇਲ ਦੌਰਾਨ ਵਰਤੀ ਗਈ ਖੇਖ ’ਚੋਂ ਬਚੇ ਕਰੋਨਾ ਤੇ ਗੈਰ-ਕਰੋਨਾ ਟੀਕਿਆਂ ਦੀ ਵਪਾਰਕ ਮਕਸਦ ਲਈ ਵਰਤੋਂ ਦੀ ਆਗਿਆ ਵੀ ਮੰਗੀ ਹੈ। -ਪੀਟੀਆਈ