ਨਵੀਂ ਦਿੱਲੀ: ‘ਸੀਰਮ ਇੰਸਟੀਚਿਊਟ ਆਫ਼ ਇੰਡੀਆ’ ਨੇ ਭਾਰਤ ਵਿਚ ਬਣੇ ਕੋਵਿਡ-19 ਵੈਕਸੀਨ ‘ਕੋਵੀਸ਼ੀਲਡ’ ਦੀ ਹੰਗਾਮੀ ਵਰਤੋਂ ਲਈ ਸਰਕਾਰ ਤੋਂ ਇਜਾਜ਼ਤ ਮੰਗੀ ਹੈ। ਕੰਪਨੀ ਦੇ ਸੀਈਓ ਅਦਾਰ ਪੂਨਾਵਾਲਾ ਨੇ ਟਵੀਟ ਕਰ ਕੇ ਕਿਹਾ ‘ਜਿਵੇਂ ਕਿ ਵਾਅਦਾ ਕੀਤਾ ਗਿਆ ਸੀ ਕਿ 2020 ਦੇ ਅੰਤ ਤੱਕ ਸੀਰਮ ਇੰਸਟੀਚਿਊਟ ਵੈਕਸੀਨ ਦੀ ਵਰਤੋਂ ਲਈ ਮਨਜ਼ੂਰੀ ਮੰਗੇਗਾ, ਅਸੀਂ ਹੁਣ ਮਨਜ਼ੂਰੀ ਲਈ ਸਰਕਾਰ ਨੂੰ ਲਿਖਿਆ ਹੈ।’ ਜ਼ਿਕਰਯੋਗ ਹੈ ਕਿ ‘ਕੋਵੀਸ਼ੀਲਡ’ ਵੈਕਸੀਨ ਐਸਟਰਾਜ਼ੈਨੇਕਾ ਤੇ ਆਕਸਫੋਰਡ ਵੱਲੋਂ ਵਿਕਸਿਤ ਕੀਤਾ ਗਿਆ ਹੈ। ਇਸ ਦਾ ਉਤਪਾਦਨ ਸੀਰਮ ਇੰਸਟੀਚਿਊਟ ਵੱਲੋਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਫਾਈਜ਼ਰ ਭਾਰਤ ਵਿਚ ਵੈਕਸੀਨ ਦੀ ਵਰਤੋਂ ਤੇ ਦਰਾਮਦ ਲਈ ਸਰਕਾਰ ਨੂੰ ਲਿਖ ਚੁੱਕਾ ਹੈ। ਇਸੇ ਦੌਰਾਨ ਭਾਰਤ ਬਾਇਓਟੈੱਕ ਨੇ ਵੀ ‘ਕੋਵੈਕਸੀਨ’ ਦੀ ਹੰਗਾਮੀ ਵਰਤੋਂ ਲਈ ਸਰਕਾਰ ਤੋਂ ਮਨਜ਼ੂਰੀ ਮੰਗੀ ਹੈ।