ਮੁੰਬਈ, 19 ਅਕਤੂਬਰ
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਅੱਜ ਮੁੰਬਈ ਦੇ ਤਾਜ ਮਹਿਲ ਪੈਲੇਸ ਹੋਟਲ ‘ਚ 26/11 ਦੇ ਅਤਿਵਾਦੀ ਹਮਲਿਆਂ ‘ਚ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ। ਭਾਰਤ ਦੇ ਤਿੰਨ ਦਿਨਾਂ ਦੌਰੇ ‘ਤੇ ਆਏ ਗੁਟੇਰੇਜ਼ ਦੇ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਸਨ। ਗੁਟੇਰੇਜ਼ ਨੇ ਹੋਟਲ ‘ਚ 26/11 ਹਮਲੇ ਦੀ ਯਾਦਗਾਰ ‘ਤੇ ਫੁੱਲ ਚੜ੍ਹਾਏ। ਜਨਵਰੀ ‘ਚ ਆਪਣਾ ਦੂਜਾ ਕਾਰਜਕਾਲ ਸ਼ੁਰੂ ਕਰਨ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਭਾਰਤ ਯਾਤਰਾ ਹੈ। ਉਹ ਇਸ ਤੋਂ ਪਹਿਲਾਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਅਕਤੂਬਰ 2018 ਵਿੱਚ ਦੇਸ਼ ਦਾ ਦੌਰਾ ਕਰ ਚੁੱਕੇ ਹਨ। ਗੁਟੇਰੇਜ਼ ਬੁੱਧਵਾਰ ਅੱਧੀ ਰਾਤ ਤੋਂ ਬਾਅਦ ਲੰਡਨ ਤੋਂ ਮੁੰਬਈ ਪਹੁੰਚੇ।