ਨਵੀਂ ਦਿੱਲੀ, 18 ਜੁਲਾਈ
ਦੇਸ਼ ਵਿੱਚ ਮੰਕੀਪੌਕਸ ਦਾ ਅੱਜ ਦੂਜਾ ਮਾਮਲਾ ਵੀ ਕੇਰਲ ’ਚੋਂ ਹੀ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੇਰਲ ਦੇ ਕੰਨੂਰ ਇਲਾਕੇ ਦੇ ਇੱਕ 31 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਵਿਅਕਤੀ 13 ਜੁਲਾਈ ਨੂੰ ਦੁਬਈ ਤੋਂ ਕਰਨਾਟਕ ਦੇ ਮੰਗਲੌਰ ਹਵਾਈ ਅੱਡੇ ’ਤੇ ਉਤਰਿਆ ਸੀ। ਉਸ ਵਿੱਚ ਰੋਗ ਦੇ ਲੱਛਣ ਦਿਖਾਈ ਦੇਣ ’ਤੇ ਉਸ ਨੂੰ ਤੁਰੰਤ ਹਸਪਾਤਲ ਦਾਖਲ ਕਰਵਾਇਆ ਗਿਆ। ਉਸ ਦੇ ਨਮੂਨੇ ਜਾਂਚ ਲਈ ਐੱਨਆਈਵੀ ਪੁਣੇ ਭੇਜੇ ਗਏ ਸਨ, ਜੋ ਮੰਕੀਪੌਕਸ ਲਈ ਪਾਜ਼ੇਟਿਵ ਆਏ ਹਨ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਕੇਰਲ ਦੇ ਕੋਲਮ ਜ਼ਿਲ੍ਹੇ ਵਿੱਚ ਇਸ ਰੋਗ ਦੇ ਪਹਿਲੇ ਮਰੀਜ਼ ਦੀ ਪੁਸ਼ਟੀ ਹੋਣ ਮਗਰੋਂ ਕੇਂਦਰੀ ਸਿਹਤ ਮੰਤਰਾਲੇ ਨੇ ਸੂਬੇ ਦੇ ਸਿਹਤ ਅਧਿਕਾਰੀਆਂ ਦੀ ਮਦਦ ਲਈ ਇੱਕ ਉੱਚ-ਪੱਧਰੀ ਟੀਮ ਕੇਰਲ ਭੇਜੀ ਸੀ। -ਪੀਟੀਆਈ