ਨਵੀਂ ਦਿੱਲੀ, 20 ਮਈ
ਭਾਰਤ ਨੇ ਅੱਜ ਕਿਹਾ ਕਿ ਚੀਨ ਵੱਲੋਂ ਪੈਂਗੌਂਗ ਝੀਲ ’ਤੇ ਜਿਸ ਇਲਾਕੇ ’ਚ ਦੂਜਾ ਪੁਲ ਉਸਾਰਿਆ ਜਾ ਰਿਹਾ ਹੈ, ਉਹ ਇਲਾਕਾ 1960 ਤੋਂ ਚੀਨ ਦੇ ਨਾਜਾਇਜ਼ ਕਬਜ਼ੇ ਹੇਠ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗ਼ਚੀ ਨੇ ਕਿਹਾ ਕਿ ਭਾਰਤ ਨੇ ਆਪਣੇ ਇਲਾਕੇ ’ਤੇ ਅਜਿਹੇ ਗੈਰਕਾਨੂੰਨੀ ਕਬਜ਼ੇ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ। ਬਾਗਚੀ ਨੇ ਕਿਹਾ, ‘‘ਚੀਨ ਵੱਲੋਂ ਪੈਂਗੌਂਗ ਝੀਲ ’ਤੇ ਪਹਿਲੇ ਪੁਲ ਨਾਲ ਇਕ ਹੋਰ ਪੁਲ ਬਣਾਏ ਜਾਣ ਨਾਲ ਸਬੰਧਤ ਰਿਪੋਰਟਾਂ ਨੂੰ ਅਸੀਂ ਵੇਖਿਆ ਹੈ। ਇਹ ਦੋਵੇਂ ਪੁਲ ਉਨ੍ਹਾਂ ਖੇਤਰਾਂ ਵਿੱਚ ਹਨ, ਜੋ 1960 ਤੋਂ ਚੀਨ ਦੇ ਗੈਰਕਾਨੂੰਨੀ ਕਬਜ਼ੇ ਵਿੱਚ ਹਨ।’’ ਤਰਜਮਾਨ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ, ‘‘ਅਸੀਂ ਆਪਣੇ ਇਲਾਕੇ ’ਤੇ ਅਜਿਹੇ ਕਿਸੇ ਵੀ ਨਾਜਾਇਜ਼ ਕਬਜ਼ੇ ਨੂੰ ਸਵੀਕਾਰ ਨਹੀਂ ਕੀਤਾ, ਅਤੇ ਨਾ ਹੀ ਅਸੀਂ ਚੀਨ ਦੇ ਕਿਸੇ ਗੈਰਵਾਜਬ ਦਾਅਵੇ ਜਾਂ ਅਜਿਹੀਆਂ ਉਸਾਰੀ ਸਰਗਰਮੀਆਂ ਨੂੰ ਪ੍ਰਵਾਨ ਕੀਤਾ ਹੈ।’’ ਬਾਗ਼ਚੀ ਨੇ ਕਿਹਾ, ‘‘ਅਸੀਂ ਪਹਿਲਾਂ ਵੀ ਕਈ ਮੌਕਿਆਂ ’ਤੇ ਸਪਸ਼ਟ ਕਰ ਚੁੱਕੇ ਹਾਂ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਭਾਰਤ ਦੇ ਅਟੁੱਟ ਅੰਗ ਹਨ ਤੇ ਅਸੀਂ ਹੋਰਨਾਂ ਮੁਲਕਾਂ ਤੋਂ ਉਮੀਦ ਕਰਦੇ ਹਾਂ ਕਿ ਉਹ ਭਾਰਤ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਸਤਿਕਾਰ ਕਰਨਗੇ।’’ ਉਨ੍ਹਾਂ ਕਿਹਾ ਕਿ ਦੇਸ਼ ਦੇ ਸੁਰੱਖਿਆ ਹਿੱਤਾਂ ਦੀ ਮੁਕੰਮਲ ਸੁਰੱਖਿਆ ਯਕੀਨੀ ਬਣਾਉਣ ਨਈ ਸਰਕਾਰ ਨੇ 2014 ਤੋਂ ਸਰਹੱਦ ’ਤੇ ਬੁਨਿਆਦੀ ਢਾਂਚੇ ਦੇ ਵਿਕਾਸ ਨਾਲ ਜੁੜੇ ਕੰਮਾਂ, ਜਿਨ੍ਹਾਂ ਵਿੱਚ ਸੜਕਾਂ ਤੇ ਪੁਲਾਂ ਦੀ ਉਸਾਰੀ ਵੀ ਸ਼ਾਮਲ ਹੈ, ਦੀ ਰਫ਼ਤਾਰ ਵਧਾਈ ਹੈ। ਤਰਜਮਾਨ ਨੇ ਕਿਹਾ ਕਿ ਸਰਕਾਰ ਭਾਰਤ ਦੀ ਸੁਰੱਖਿਆ ਨੂੰ ਅਸਰਅੰਦਾਜ਼ ਕਰਨ ਵਾਲੀਆਂ ਘਟਨਾਵਾਂ ’ਤੇ ਲਗਾਤਾਰ ਨੇੜਿਓਂ ਨਜ਼ਰ ਰੱਖ ਰਹੀ ਹੈ ਤੇ ਦੇਸ਼ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਲਈ ਸਾਰੇ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ। -ਪੀਟੀਆਈ
ਚੀਨ ਵੱਲੋਂ ਪੁਲ ਦੀ ਉਸਾਰੀ ਗੰਭੀਰ ਮੁੱਦਾ: ਕਾਂਗਰਸ
ਨਵੀਂ ਦਿੱਲੀ: ਚੀਨ ਵੱਲੋਂ ਲੱਦਾਖ ਵਿੱਚ ਆਪਣੀ ਫੌਜ ਲਈ ਬੁਨਿਆਦੀ ਢਾਂਚਾ ਉਸਾਰੇ ਜਾਣ ਦੀਆਂ ਰਿਪੋਰਟਾਂ ਦਰਮਿਆਨ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਧਾਰੀ ਖਾਮੋਸ਼ੀ ’ਤੇ ਉਜ਼ਰ ਜਤਾਇਆ ਹੈ। ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਆਪਣੀ ‘ਫ਼ਰਜ਼ੀ ਤਸਵੀਰ’ ਬਾਰੇ ਭੁੱਲ ਕੇ ਚੀਨ ਵੱਲੋਂ ਕੀਤੇ ਜਾ ਰਹੇ ‘ਕਬਜ਼ੇ’ ਬਾਰੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ। ਉਧਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ,‘‘ਭਾਰਤ ਦੀ ਕੌਮੀ ਸੁਰੱਖਿਆ ਤੇ ਪ੍ਰਾਦੇਸ਼ਕ ਅਖੰਡਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ। ਡਰਾਕਲ ਤੇ ਸਾਊ ਹੁੰਗਾਰੇ ਨਾਲ ਕੁਝ ਨਹੀਂ ਬਣਨਾ। ਪੀਐੱਮ ਨੂੰ ਦੇਸ਼ ਦੀ ਸੁਰੱਖਿਆ ਬਣਾਉਣੀ ਚਾਹੀਦੀ ਹੈ।’’ ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਕੀ ਚੀਨ ਨੇ ਭਾਰਤੀ ਖੇਤਰ ’ਤੇ ਕਬਜ਼ਾ ਕੀਤਾ ਹੈ। ਖੇੜਾ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਇਹ ਸਾਡੇ ਸਾਰਿਆਂ ਲਈ ਬਹੁਤ ਗੰਭੀਰ ਮਸਲਾ ਹੈ ਅਤੇ ਸਾਨੂੰ ਪ੍ਰਧਾਨ ਮੰਤਰੀ ਨੂੰ ਸੱਦਾ ਦੇਣਾ ਚਾਹੀਦਾ ਹੈ ਕਿ ਉਹ ਆਪਣੀ ਖ਼ੁਦ ਦੀ ‘ਫ਼ਰਜ਼ੀ ਤਸਵੀਰ’ ਨੂੰ ਭੁੱਲ ਕੇ ਦੇਸ਼ ਬਾਰੇ ਸੋਚਣ, ਬਹਾਦਰ ਫ਼ੌਜ ਬਾਰੇ ਸੋਚਣ ਜੋ ਮੁਸ਼ਕਲ ਮੌਸਮੀ ਹਾਲਾਤ ਦਾ ਟਾਕਰਾ ਕਰਦਿਆਂ ਦੁਸ਼ਮਣਾਂ ਤੋਂ ਬੜੀ ਦਲੇਰੀ ਨਾਲ ਸਾਡੀਆਂ ਸਰਹੱਦਾਂ ਦੀ ਸੁਰੱਖਿਆ ਕਰ ਰਹੀ ਹੈ।’’ ਖੇੜਾ ਨੇ ਕਿਹਾ ਕਿ ਉਸਾਰੀ ਅਧੀਨ ਪੁਲ, ਪਹਿਲੇ ਪੁਲ ਦੇ ਮੁਕਾਬਲੇ ਵੱਧ ਚੌੜਾ ਹੈ। ਉਨ੍ਹਾਂ ਕਿਹਾ ਕਿ ਚੀਨ ਖਿਲਾਫ਼ ਖਾਮੋਸ਼ ਰਹਿ ਕੇ ਅਸੀਂ ਆਪਣੀਆਂ ਹੀ ਹਥਿਆਰਬੰਦ ਫ਼ੌਜਾਂ ਦਾ ਮਨੋਬਲ ਡੇਗ ਰਹੇ ਹਾਂ ਤੇ ਇਹ ਵੇਖ ਕੇ ਹੋਰ ਵੀ ਹੈਰਾਨੀ ਹੁੰਦੀ ਹੈ ਕਿ ਵਿਦੇਸ਼ ਮੰਤਰਾਲਾ ਹੀ ਰੱਖਿਆ ਮੰਤਰਾਲੇ ਨੂੰ ਕਮਜ਼ੋਰ ਕਰ ਰਿਹਾ ਹੈ। -ਪੀਟੀਆਈ