ਵਿਭਾ ਸ਼ਰਮਾ
ਨਵੀਂ ਦਿੱਲੀ, 29 ਅਪਰੈਲ
ਦੇਸ਼ ਨੂੰ ਕਰੋਨਾ ਦੇ ਘੋਰ ਸੰਕਟ ’ਚ ਪਾਉਣ ਲਈ ਨਰਿੰਦਰ ਮੋਦੀ ਸਰਕਾਰ ਦੀ ਜਦੋਂ ਚਾਰ-ਚੁਫ਼ੇਰਿਓਂ ਨਿੰਦਾ ਹੋ ਰਹੀ ਹੈ ਤਾਂ ਇੰਜ ਜਾਪਦਾ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਵੀ ਪਾਰਟੀ ਆਗੂਆਂ ਵੱਲੋਂ ਹਾਲਾਤ ਨਾਲ ਨਜਿੱਠਣ ਦੇ ਤਰੀਕਿਆਂ ਤੋਂ ਔਖਾ ਹੈ। ਸੀਨੀਅਰ ਆਗੂਆਂ ਨੇ ਇਸ ਮੁੱਦੇ ’ਤੇ ਭਾਵੇਂ ਖਾਮੋਸ਼ੀ ਧਾਰ ਲਈ ਹੈ ਪਰ ਦਿੱਲੀ ਦੇ ਆਰਐੱਸਐੱਸ ਆਗੂ ਰਾਜੀਵ ਤੁਲੀ ਨੇ ਸੰਕਟ ਦੇ ਸਮੇਂ ਭਾਜਪਾ ਆਗੂਆਂ ਦੇ ਕੌਮੀ ਰਾਜਧਾਨੀ ਤੋਂ ‘ਗ਼ੈਰ-ਹਾਜ਼ਰ’ ਰਹਿਣ ’ਤੇ ਸਵਾਲ ਉਠਾਏ ਜਾਣ ਨੇ ਅੰਦਰੂਨੀ ਖਿੱਚੋਤਾਣ ਨੂੰ ਜੱਗ ਜ਼ਾਹਿਰ ਕਰ ਦਿੱਤਾ ਹੈ। ਸੂਤਰਾਂ ਨੇ ਕਿਹਾ,‘‘ਭਾਵੇਂ ਕੁਦਰਤੀ ਤੌਰ ’ਤੇ ਹਾਲਾਤ ਨੂੰ ਲੈ ਕੇ ਹਰ ਕੋਈ ਫਿਕਰਮੰਦ ਹੈ ਪਰ ਆਲੋਚਨਾ ਕਰਨ ਦਾ ਇਹ ਸਹੀ ਸਮਾਂ ਨਹੀਂ ਹੈ।’’ ਸੰਘ ਦੇ ਇਕ ਅਹੁਦੇਦਾਰ ਨੇ ਕਿਹਾ ਕਿ ਕਿਸੇ ਦੀ ਨਿੰਦਾ ਕਰਕੇ ਹਾਲਾਤ ਸੁਧਰਨਗੇ ਨਹੀਂ ਸਗੋਂ ਪਹਿਲਾਂ ਹਾਲਾਤ ਕਾਬੂ ਹੇਠ ਕਰਨੇ ਚਾਹੀਦੇ ਹਨ। ‘ਅਸੀਂ ਹਰ ਤਰੀਕੇ ਨਾਲ ਸਹਾਇਤਾ ਕਰ ਰਹੇ ਹਾਂ। ਪਰ ਕੋਈ ਵੀ ਅਜਿਹੇ ਹਾਲਾਤ ਨਾਲ ਨਜਿੱਠਣ ਦੇ ਢੰਗ ਦਾ ਬਚਾਅ ਨਹੀਂ ਕਰ ਸਕਦਾ ਹੈ।’ ਉਂਜ ਸੰਘ ਦੇ ਕੌਮੀ ਪ੍ਰਚਾਰ ਦੇ ਮੁਖੀ ਸੁਨੀਲ ਅੰਬੇਕਾਰ ਨੇ ਤੁਲੀ ਦੇ ਬਿਆਨ ਤੋਂ ਕਿਨਾਰਾ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਇਹ ਉਸ ਦੇ ਨਿੱਜੀ ਵਿਚਾਰ ਸਨ ਅਤੇ ਸੰਘ ਦਾ ਉਸ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਸੂਤਰਾਂ ਨੇ ਕਿਹਾ ਕਿ ਸੰਘ ਦੇ ਇਕ ਧੜੇ ’ਚ ਭਾਜਪਾ ਦੀ ਦਿੱਲੀ ਇਕਾਈ ਖਾਸ ਕਰਕੇ ਅਹੁਦੇਦਾਰਾਂ, ਕਾਊਂਸਲਰਾਂ ਅਤੇ ਸੰਸਦ ਮੈਂਬਰਾਂ ਖ਼ਿਲਾਫ਼ ਨਾਰਾਜ਼ਗੀ ਹੈ। ਉਨ੍ਹਾਂ ਕਿਹਾ ਕਿ ਸੰਘ ਅਤੇ ਉਨ੍ਹਾਂ ਦੀਆਂ ਸੇਵਾ ਭਾਰਤੀ ਜਿਹੀਆਂ ਸਹਾਇਕ ਜਥੇਬੰਦੀਆਂ ਕਰੋਨਾ ਪੀੜਤਾਂ ਨੂੰ ਰਾਹਤ ਪਹੁੰਚਾ ਰਹੀਆਂ ਹਨ। ਇਸ ਸਾਲ ਦੇ ਸ਼ੁਰੂ ’ਚ ਸੰਘ ਦੀ ਜਥੇਬੰਦੀ ਅਖਿਲ ਭਾਰਤੀ ਪ੍ਰਤੀਨਿਧ ਸਭਾ ਨੇ ਮਤਾ ਪਾਸ ਕਰਕੇ ਕੋਵਿਡ ਟੀਕਾਕਰਨ ਮੁਹਿੰਮ ਸਮੇਤ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਹੋਰ ਕਈ ਯੋਜਨਾਵਾਂ ਦੀ ਸ਼ਲਾਘਾ ਕੀਤੀ ਸੀ। ਪਿਛਲੇ ਸਾਲ ਸੰਘ ਦੇ ਮੌਜੂਦਾ ਜਨਰਲ ਸਕੱਤਰ ਦੱਤਾਤ੍ਰੇਯ ਹੋਸਬੋਲੇ ਨੇ ਕੋਵਿਡ-19 ਨਾਲ ਸਮੇਂ ਸਿਰ ਨਜਿੱਠਣ ਅਤੇ ਉਠਾਏ ਗਏ ਕਦਮਾਂ ਦੀ ਸ਼ਲਾਘਾ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਦੇ ਕਈ ਆਗੂ ਕਰੋਨਾ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਦੀ ਅਗਾਊਂ ਸ਼ਲਾਘਾ ਤੋਂ ਵੀ ਚਿੰਤਤ ਹਨ।