ਲਖਨਊ, 19 ਸਤੰਬਰ
ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਅੱਜ ਵਧਦੀ ਮਹਿੰਗਾਈ, ਬੇਰੁਜ਼ਗਾਰੀ ਅਤੇ ਮਾੜੀ ਕਾਨੂੰਨ ਵਿਵਸਥਾ ਵਿਰੁੱਧ ਅਖਿਲੇਸ਼ ਯਾਦਵ ਦੀ ਅਗਵਾਈ ਹੇਠ ਸਮਾਜਵਾਦੀ ਪਾਰਟੀ ਵੱਲੋਂ ਕੱਢਿਆ ਗਿਆ ਰੋਸ ਮਾਰਚ ਪੁਲੀਸ ਨੇ ਰਾਹ ਵਿੱਚ ਹੀ ਰੋਕ ਦਿੱਤਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਪ੍ਰਦਰਸ਼ਨਕਾਰੀ ਵਿਧਾਨ ਸਭਾ ਭਵਨ ਵੱਲ ਵਧਣ ਲੱਗੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਵਿਕਰਾਮਦਿੱਤਿਆ ਮਾਰਗ ਚੌਰਾਹੇ ਨੇੜੇ ਰੋਕ ਲਿਆ। ਇਸ ਮਗਰੋਂ ਯਾਦਵ ਅਤੇ ਪਾਰਟੀ ਦੇ ਹੋਰ ਆਗੂ ਇੱਥੇ ਹੀ ਧਰਨੇ ’ਤੇ ਬੈਠ ਗਏ। ਪੁਲੀਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਇਸ ਕਰਕੇ ਰੋਕਿਆ ਗਿਆ ਕਿਉਂਕਿ ਉਨ੍ਹਾਂ ਨੇ ਦੂਜੇ ਰੂਟ ਦੀ ਇਜਾਜ਼ਤ ਲਈ ਸੀ। ਇਸ ਦੌਰਾਨ ਸਪਾ ਆਗੂਆਂ ਨੇ ਧਰਨੇ ਵਾਲੀ ਥਾਂ ’ਤੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਮਾਤਾ ਪ੍ਰਸਾਦ ਪਾਂਡੇ ਦੀ ਪ੍ਰਧਾਨਗੀ ਹੇਠ ਇਕ ਮਜ਼ਾਕੀਆ ਵਿਧਾਨ ਸਭ ਸੈਸ਼ਨ ਵੀ ਬੁਲਾਇਆ।
ਸੰਯੁਕਤ ਪੁਲੀਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਪੀਯੂਸ਼ ਮੋਰਡੀਆ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਇਸ ਕਰਕੇ ਰੋਕਿਆ ਗਿਆ ਸੀ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਧਰਨੇ ਵਾਲੀ ਥਾਂ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯਾਦਵ ਨੇ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਸਰਕਾਰ ਸਪਾ ਦਾ ਇਸ ਕਰਕੇ ਸਾਹਮਣਾ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਹ ਹਰ ਮੋਰਚੇ ’ਤੇ ਫੇਲ੍ਹ ਹੋ ਚੁੱਕੀ ਹੈ। ਯਾਦਵ ਨੇ ਕਿਹਾ, ‘‘’ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਭਾਰਤ ਵਰਗੇ ਦੇਸ਼ ’ਚ ਦੁੱਧ, ਦਹੀਂ ਅਤੇ ਘਿਓ ’ਤੇ ਜੀਐੱਸਟੀ ਲੱਗੇਗਾ। ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ। ਨੌਜਵਾਨਾਂ, ਗਰੀਬਾਂ ਅਤੇ ਦਲਿਤਾਂ ਦੀਆਂ ਨੌਕਰੀਆਂ ਖੋਹੀਆਂ ਜਾ ਰਹੀਆਂ ਹਨ। ਰੇਲਵੇ ਅਤੇ ਹਵਾਈ ਅੱਡੇ ਵੇਚ ਦਿੱਤੇ ਗਏ ਹਨ।’’ ਉਨ੍ਹਾਂ ਕਿਹਾ, ‘‘ਕਰੋਨਾ ਕਾਰਨ ਫ਼ੌਜ ਵਿੱਚ ਭਰਤੀ ਰੋਕ ਦਿੱਤੀ ਗਈ ਸੀ। ਨੌਜਵਾਨ ਅਗਨੀਵੀਰ ਯੋਜਨਾ ਤੋਂ ਸੰਤੁਸ਼ਟ ਨਹੀਂ ਹਨ।’’ -ਪੀਟੀਆਈ
ਜਮਹੂਰੀ ਢੰਗ ਨਾਲ ਮੁੱਦੇ ਚੁੱਕਣ ਦਾ ਕੋਈ ਹਰਜ਼ ਨਹੀਂ: ਯੋਗੀ
ਸਪਾ ਮਾਰਚ ਬਾਰੇ ਪੁੱਛੇ ਜਾਣ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪੱਤਰਕਾਰਾਂ ਨੂੰ ਕਿਹਾ, ‘‘ਜੇ ਕੋਈ ਵਿਅਕਤੀ ਜਾਂ ਪਾਰਟੀ ਜਮਹੂਰੀ ਢੰਗ ਨਾਲ ਆਪਣਾ ਮੁੱਦਾ ਚੁੱਕਦੀ ਹੈ ਤਾਂ ਕੋਈ ਹਰਜ਼ ਨਹੀਂ ਹੈ। ਜੇ ਉਨ੍ਹਾਂ ਨਿਯਮਾਂ ਮੁਤਾਬਕ ਪੁਲੀਸ ਕੋਲੋਂ ਇਜਾਜ਼ਤ ਮੰਗੀ ਹੁੰਦੀ ਤਾਂ ਉਨ੍ਹਾਂ ਨੂੰ ਸੁਰੱਖਿਅਤ ਅਤੇ ਢੁਕਵਾਂ ਰਸਤਾ ਦੇ ਦਿੱਤਾ ਜਾਂਦਾ।’’