ਪੱਤਰ ਪ੍ਰੇਰਕ
ਨਵੀਂ ਦਿੱਲੀ, 3 ਜੁਲਾਈ
ਦਿੱਲੀ ਵਿਧਾਨ ਸਭਾ ਦਾ ਦੋ-ਰੋਜ਼ਾ ਮੌਨਸੂਨ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਵੇਗਾ ਜਿਸ ਵਿੱਚ ‘ਆਪ’ ਸਰਕਾਰ ਵਿਧਾਇਕਾਂ ਦੀਆਂ ਤਨਖਾਹਾਂ ਵਧਾਉਣ ਲਈ ਇੱਕ ਬਿੱਲ ਪੇਸ਼ ਕਰੇਗੀ। ਦਿੱਲੀ ਵਿਧਾਨ ਸਭਾ ਦੇ ਮੈਂਬਰ (ਵਿਧਾਇਕ) ਨੂੰ ਮੌਜੂਦਾ ਸਮੇਂ ਵਿੱਚ ਤਨਖਾਹ ਅਤੇ ਭੱਤਿਆਂ ਵਜੋਂ ਪ੍ਰਤੀ ਮਹੀਨਾ 54,000 ਰੁਪਏ ਦੀ ਰਕਮ ਮਿਲਦੀ ਹੈ ਜੋ ਵਾਧੇ ਤੋਂ ਬਾਅਦ 90,000 ਰੁਪਏ ਹੋ ਜਾਣ ਦੀ ਸੰਭਾਵਨਾ ਹੈ। ਸੂਤਰਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਕੇਂਦਰ ਦੀ ਅਗਨੀਪਥ ਰੱਖਿਆ ਭਰਤੀ ਯੋਜਨਾ ਦੇ ਖਿਲਾਫ਼ ਵੀ ਮਤਾ ਲਿਆਉਣ ਦੀ ਸੰਭਾਵਨਾ ਹੈ। ਸੈਸ਼ਨ 4 ਜੁਲਾਈ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਦਿੱਲੀ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਕੰਮਕਾਜ ਦੀ ਸੂਚੀ ਦੇ ਅਨੁਸਾਰ ਸਰਕਾਰ ਦੇ ਕਾਨੂੰਨ, ਨਿਆਂ ਅਤੇ ਕਾਨੂੰਨੀ ਮਾਮਲਿਆਂ ਦੇ ਮੰਤਰੀ ਕੈਲਾਸ਼ ਗਹਿਲੋਤ ਮੰਤਰੀਆਂ, ਵਿਧਾਇਕਾਂ, ਸਪੀਕਰ ਅਤੇ ਡਿਪਟੀ ਸਪੀਕਰ, ਨੇਤਾਵਾਂ ਦੀਆਂ ਤਨਖਾਹਾਂ ਵਿੱਚ ਵਾਧੇ ਲਈ ਬਿੱਲ ਪੇਸ਼ ਕਰਨਗੇ।
‘ਆਪ’ ਸਰਕਾਰ ਨੂੰ ਕਈ ਮੁੱਦਿਆਂ ’ਤੇ ਘੇਰਨ ਦੀ ਤਿਆਰੀ ’ਚ ਭਾਜਪਾ
ਮੌਨਸੂਨ ਇਜਲਾਸ ਦੌਰਾਨ ਵਿਰੋਧੀ ਧਿਰ ਭਾਜਪਾ ਵੱਲੋਂ ਅਨਿਯਮਿਤ ਜਲ ਸਪਲਾਈ, ਜਨਤਕ ਟਰਾਂਸਪੋਰਟ ਦੀ ਮਾੜੀ ਹਾਲਤ, ਸ਼ਰਾਬ ਨੀਤੀ, ਪ੍ਰਦੂਸ਼ਣ, ਸਕੂਲ ਦੇ ਕਮਰਿਆਂ ਦੀ ਉਸਾਰੀ ਵਿੱਚ ਕਥਿਤ ਭ੍ਰਿਸ਼ਟਾਚਾਰ ਸਮੇਤ ਹੋਰਨਾਂ ਮੁੱਦਿਆਂ ’ਤੇ ਸ਼ਹਿਰ ਸਰਕਾਰ ਨੂੰ ਘੇਰਨ ਦੀ ਸੰਭਾਵਨਾ ਹੈ। ਦਿੱਲੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਮਵੀਰ ਸਿੰਘ ਬਿਧੂੜੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਹਰ ਵਿਧਾਨ ਸਭਾ ਸੈਸ਼ਨ ’ਚ ਲੋਕਾਂ ਦੀਆਂ ਸਮੱਸਿਆਵਾਂ ’ਤੇ ਚਰਚਾ ਕਰਨ ਤੋਂ ਭੱਜ ਰਹੀ ਹੈ।