ਗਾਜ਼ੀਪੁਰ(ਉੱਤਰ ਪ੍ਰਦੇਸ਼), 16 ਜੂਨ
ਇਥੋਂ ਦੇ ਦਾਦਰੀਹਾਟ ਵਿੱਚ ਨਦੀ ਵਿੱਚ ਤੈਰਦੇ ਇਕ ਲਕੜੀ ਦੇ ਬਕਸੇ ਵਿੱਚੋਂ ਇਕ ਨਵਜੰਮੀ ਬੱਚੀ ਮਿਲੀ ਹੈ। ਬੱਚੀ ਕੱਪੜੇ ਵਿੱਚ ਲਿਪਟੀ ਹੋਈ ਸੀ ਤੇ ਨਾਲ ਹੀ ਇਕ ਲੀਰ ਪਈ ਸੀ ਜਿਸ ’ਤੇ ਲਿਖਿਆ ਹੋਇਆ ਸੀ ‘ਗੰਗਾ ਦੀ ਧੀ’, ਨਾਲ ਹੀ ਦੇਵੀ ਦੁਰਗਾ ਦੀ ਫੋਟੋ, ਜਨਮਪੱਤਰੀ ਅਤੇ ਧੂਫ਼ ਵੀ ਰੱਖੀ ਹੋਈ ਸੀ। ਇਹ ਬਕਸਾ ਸਥਾਨਕ ਮਲਾਹ ਗੁੱਲੂ ਚੌਧਰੀ ਨੂੰ ਮਿਲਿਆ ਜੋ ਉਸ ਨੂੰ ਘਰ ਲੈ ਆਇਆ। ਪੁਲੀਸ ਅਨੁਸਾਰ ਗੁੱਲੂ ਸ਼ਾਮ ਸਮੇਂ ਨਦੀ ਕੰਢੇ ਸੀ ਕਿ ਉਸ ਨੇ ਦੇਖਿਆ ਇਕ ਲਕੜੀ ਦੇ ਬਕਸੇ ਵਿਚੋਂ ਕਿਸੇ ਬੱਚੇ ਦੀ ਰੋਣ ਦੀ ਆਵਾਜ਼ ਆ ਰਹੀ ਹੈ। ਉਸ ਨੇ ਬਕਸਾ ਕੱਢ ਕੇ ਦੇਖਿਆ ਤਾਂ ਉਸ ਵਿੱਚ ਨਵਜੰਮੀ ਬੱਚੀ ਸੀ। ਪੁਲੀਸ ਨੇ ਬੱਚੀ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਾਇਆ ਹੈ।
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਟਵੀਟ ਕਰਕੇ ਮਲਾਹ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਰਕਾਰ ਬੱਚੀ ਦੇ ਪਾਲਣ ਪੋਸ਼ਣ ਦੀ ਵਿਵਸਥਾ ਕਰੇਗੀ। ਉਨ੍ਹਾਂ ਕਿਹਾ ਕਿ ਮਲਾਹ ਨੇ ਨਵਜੰਮੀ ਬੱਚੀ ਦੀ ਜਾਨ ਬਚਾ ਕੇ ਮਨੁੱਖਤਾ ਦੀ ਵਿਲੱਖਣ ਮਿਸਾਲ ਪੇਸ਼ ਕੀਤੀ ਹੈ। ਹਿੰਦੀ ਵਿੱਚ ਕੀਤੇ ਟਵੀਟ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ਼ੁਕਰਾਨੇ ਵਜੋਂ, ਮਲਾਹ ਨੂੰ ਸਾਰੀਆਂ ਯੋਗ ਸਰਕਾਰੀ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ। ਉੱਤਰ ਪ੍ਰਦੇਸ਼ ਸਰਕਾਰ ਬੱਚੀ ਦੇ ਪਾਲਣ ਪੋਸ਼ਣ ਦੀ ਵਿਵਸਥਾ ਕਰੇਗੀ। ਜ਼ਿਲ੍ਹਾ ਮੈਜਿਸਟਰੇਟ ਮੰਗਲਾ ਪ੍ਰਸਾਦ ਸਿੰਘ ਨੇ ਹਸਪਤਾਲ ਜਾ ਕੇ ਬੱਚੀ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਬੱਚੀ ਦੀ ਜਾਨ ਬਚਾਉਣ ਲਈ ਮਲਾਹ ਦਾ ਧੰਨਵਾਦ ਕੀਤਾ ਤੇ ਅਧਿਕਾਰੀਆਂ ਨੂੰ ਉਸ ਨੂੰ ਨਵੀਂ ਕਿਸ਼ਤੀ ਮੁਹੱਈਆ ਕਰਾਉਣ ਦੀ ਹਦਾਇਤ ਕੀਤੀ। ਚੌਧਰੀ ਨੇ ਬੱਚੀ ਦਾ ਪਾਲਣ ਪੋਸ਼ਣ ਕਰਨ ਦੀ ਇੱਛਾ ਜਤਾਈ ਹੈ। -ਏਜੰਸੀ