ਨਵੀਂ ਦਿੱਲੀ, 20 ਅਗਸਤ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਫ਼ੌਜੀ ਟ੍ਰਿਬਿਊਨਲਾਂ ਦੇ ਦਾਇਰੇ ਵਿਚ ਆਉਂਦੇ ਹਥਿਆਰਬੰਦ ਬਲਾਂ ਦੇ ਕਰਮੀਆਂ ਨੂੰ ਸਮੇਂ ਸਿਰ ਨਿਆਂ ਦਿੱਤੇ ਜਾਣ ਦਾ ਸੱਦਾ ਦਿੱਤਾ। ਉਹ ‘ਆਰਮਡ ਫੋਰਸਿਜ਼ ਟ੍ਰਿਬਿਊਨਲ’ ਦੇ ਇਕ ਸੈਮੀਨਾਰ ਵਿਚ ਸੰਬੋਧਨ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਨਾਲ ਹੀ ਕਿਹਾ ਕਿ ਜ਼ਿਆਦਾ ਕਾਹਲੀ ਕਰਨ ਨਾਲ ਅਨਿਆਂ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਨਿਆਂ ਲਈ ਢਾਂਚਾਗਤ ਪ੍ਰਕਿਰਿਆ ਵਿਕਸਿਤ ਕਰਨ ਦੀ ਲੋੜ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਸਮੇਂ ਤੇ ਪ੍ਰਕਿਰਿਆ ਵਿਚਾਲੇ ਤਵਾਜ਼ਨ ਬਿਠਾਉਣ ਦੀ ਲੋੜ ਹੈ। ਇਸ ਮੌਕੇ ਰੱਖਿਆ ਮੰਤਰੀ ਨੇ ਭਾਰਤ ਦੇ ਆਜ਼ਾਦੀ ਦੇ ਸੰਘਰਸ਼ ਵਿਚ ਵਕੀਲਾਂ ਦੇ ਯੋਗਦਾਨ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ, ਪੰਡਿਤ ਨਹਿਰੂ, ਡਾ. ਭੀਮਰਾਓ ਅੰਬੇਡਕਰ ਤੇ ਡਾ. ਰਾਜੇਂਦਰ ਪ੍ਰਸਾਦ ਉਨ੍ਹਾਂ ਹਸਤੀਆਂ ਵਿਚ ਸ਼ਾਮਲ ਹਨ। ਰੱਖਿਆ ਮੰਤਰੀ ਨੇ ਫ਼ੌਜੀ ਟ੍ਰਿਬਿਊਨਲਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਵੀ ਕੀਤੀ। ਇਨ੍ਹਾਂ ਦਾ ਸੇਵਾਵਾਂ ਦੇ ਰਹੇ ਫ਼ੌਜੀਆਂ ਤੇ ਸੇਵਾਮੁਕਤ ਹੋ ਚੁੱਕੇ ਸੈਨਿਕਾਂ ਦੀਆਂ ਇੱਛਾਵਾਂ ਦੀ ਪੂਰਤੀ ਵਿਚ ਅਹਿਮ ਯੋਗਦਾਨ ਹੈ।
ਇਸ ਦੌਰਾਨ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਜੇ ਜੱਜ 50 ਕੇਸਾਂ ਦਾ ਨਬਿੇੜਾ ਕਰਦੇ ਹਨ ਤਾਂ, 100 ਨਵੇਂ ਹੋਰ ਉਨ੍ਹਾਂ ਕੋਲ ਸੁਣਵਾਈ ਲਈ ਆ ਜਾਂਦੇ ਹਨ। ਇਸ ਦਾ ਕਾਰਨ ਹੈ ਕਿ ਲੋਕ ਹੁਣ ਪਹਿਲਾਂ ਨਾਲੋਂ ਵੱਧ ਜਾਗਰੂਕ ਹਨ ਤੇ ਵਿਵਾਦਾਂ ਦੇ ਨਬਿੇੜੇ ਲਈ ਅਦਾਲਤਾਂ ਦਾ ਰੁਖ਼ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅਦਾਲਤਾਂ ਵਿਚ ਪੰਜ ਕਰੋੜ ਦੇ ਨੇੜੇ-ਤੇੜੇ ਕੇਸ ਬਕਾਇਆ ਹਨ। -ਪੀਟੀਆਈ
ਅਦਾਲਤਾਂ ’ਤੇ ਬੋਝ ਜ਼ਿਆਦਾ: ਜਸਟਿਸ ਚੰਦਰਚੂੜ
ਪੁਣੇ: ਸੁਪਰੀਮ ਕੋਰਟ ਦੇ ਜੱਜ ਜਸਟਿਸ ਡੀ.ਵਾਈ. ਚੰਦਰਚੂੜ ਨੇ ਅੱਜ ਕਿਹਾ ਕਿ ਭਾਰਤ ’ਚ ਅਦਾਲਤਾਂ ’ਤੇ ਬਹੁਤ ਬੋਝ ਹੈ ਤੇ ‘ਕੇਸਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ’। ਉਨ੍ਹਾਂ ਕਿਹਾ ਕਿ ਐਨੀ ਵੱਡੀ ਗਿਣਤੀ ਬਕਾਇਆ ਕੇਸਾਂ ਦੇ ਮੱਦੇਨਜ਼ਰ ਆਪਸੀ ਸਹਿਮਤੀ ਤੇ ਵਿਚੋਲਗੀ ਨਾਲ ਵਿਵਾਦਾਂ/ਝਗੜਿਆਂ ਦਾ ਹੱਲ ਕੱਢਣਾ ਜ਼ਰੂਰੀ ਬਣਦਾ ਜਾ ਰਿਹਾ ਹੈ। ਜਸਟਿਸ ਚੰਦਰਚੂੜ ਨੇ ਇੱਥੇ ‘ਇੰਡੀਅਨ ਲਾਅ ਸੁਸਾਇਟੀ’ ਦੇ ਇਕ ਸਮਾਗਮ ਵਿਚ ਭਾਸ਼ਣ ਦਿੰਦਿਆਂ ਕਿਹਾ ਕਿ ਇਕ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ 2010-2020 ਦੌਰਾਨ ਬਕਾਇਆ ਕੇਸਾਂ ਦੀ ਗਿਣਤੀ 2.8 ਪ੍ਰਤੀਸ਼ਤ ਵੱਧ ਗਈ ਹੈ। ਉਪਲੱਬਧ ਅੰਕੜਿਆਂ ਮੁਤਾਬਕ ਜ਼ਿਲ੍ਹਾ ਤੇ ਤਾਲੁਕਾ ਅਦਾਲਤਾਂ ਵਿਚ 4.1 ਕਰੋੜ ਕੇਸ ਬਕਾਇਆ ਪਏ ਹਨ। ਇਸ ਤੋਂ ਇਲਾਵਾ ਵੱਖ-ਵੱਖ ਹਾਈ ਕੋਰਟਾਂ ਵਿਚ ਵੀ 59 ਲੱਖ ਕੇਸ ਬਕਾਇਆ ਹਨ। ਜਸਟਿਸ ਚੰਦਰਚੂੜ ਨੇ ਕਿਹਾ ਕਿ ਨਿਆਂ ਤੱਕ ਪਹੁੰਚ ਸੁਖਾਲੀ ਕਰਨ ਲਈ ਵਿਚੋਲਗੀ ਇਕ ਮਹੱਤਵਪੂਰਨ ਜ਼ਰੀਆ ਬਣ ਸਕਦਾ ਹੈ।