ਮੁੰਬਈ, 3 ਫਰਵਰੀ
ਅਦਾਕਾਰ ਕੰਗਨਾ ਰਣੌਤ ਅਤੇ ਦਿਲਜੀਤ ਦੁਸਾਂਝ ਵਿਚਾਲੇ ਰਿਹਾਨਾ ਦੇ ਗੀਤ ਨੂੰ ਲੈ ਕੇ ਮੁੜ ਟਵਿਟਰ ਜੰਗ ਸ਼ੁਰੂ ਹੋ ਗਈ ਹੈ। ਦੋਵੇਂ ਅਦਾਕਾਰਾਂ ਵਿਚਾਲੇ ਦਸੰਬਰ ਵਿੱਚ ਮਹਿਲਾ ਮੁਜ਼ਾਹਰਾਕਾਰੀ ਬਿਲਕਿਸ ਬਾਨੋ ਨੂੰ ਲੈ ਕੇ ਟਵੀਟਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਹੁਣ ਦੋਵਾਂ ਵਿਚਾਲੇ ਟਵਿਟਰ ’ਤੇ ਨਵੀਂ ਜੰਗ ਮੰਗਲਵਾਰ ਨੂੰ ਉਦੋਂ ਮੁੜ ਸ਼ੁਰੂ ਹੋਈ ਜਦੋਂ ਰਿਹਾਨਾ ਨੇ ਇਕ ਟਵੀਟ ਕਰਕੇ ਦਿੱਲੀ ਸਰਹੱਦ ’ਤੇ ਪ੍ਰਦਰਸ਼ਨ ਵਾਲੀਆਂ ਥਾਵਾਂ ਨੇਡੇ ਇੰਟਰਨੈਟ ਬੰਦ ਹੋਣ ’ਤੇ ਸਵਾਲ ਉਠਾਇਆ ਸੀ। ਉਸ ਨੇ ਟਵਿਟਰ ’ਤੇ ਆਪਣੇ 10 ਕਰੋੜ ਪ੍ਰਸੰਸਕਾਂ ਸਬੰਧੀ ਸੀਐਨਅੇੈਨ ਨਿਊਜ਼ ਦਾ ਲੇਖ ਸ਼ੇਅਰ ਕਰਦਿਆਂ ਲਿਖਿਆ ਸੀ, ਅਸੀਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਗੱਲ ਕਿਉਂ ਨਹੀਂ ਕਰ ਰਹੇ। ਰਿਹਾਨਾ ਵੱਲੋਂ ਕਿਸਾਨਾਂ ਦਾ ਸਮਰਥਨ ਕਰਨ ਤੋਂ ਪ੍ਰਭਾਵਿਤ ਦੋਸਾਂਝ ਨੇ ਆਪਣੇ ਹਾਲੀਆ ਟਰੈਕ ਕੌਮਾਂਤਰੀ ਪੌਪ ਸਟਾਰ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਸੀ।
ਦੋਸਾਂਝ ਨੇ ਕੌਮਾਂਤਰੀ ਪੌਪ ਗਾਇਕਾ ਰਿਹਾਨਾ ਵੱਲੋਂ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ’ਚ ਆਵਾਜ਼ ਚੁੱਕਣ ਤੋਂ 24 ਘੰਟਿਆਂ ਦੇ ਅੰਦਰ ਹੀ ਉਸ ਨੂੰ ਸਮਰਪਿਤ ਇੱਕ ਗੀਤ ਗਾਇਆ ਹੈ। 2.16 ਮਿੰਟ ਦੇ ਇਸ ਗੀਤ ਦਾ ਸਿਰਲੇਖ ‘ਰੀਰੀ’ (ਰਿਹਾਨਾ) ਰੱਖਿਆ ਗਿਆ ਹੈ, ਜੋ ਗ੍ਰੈਮੀ ਐਵਾਰਡ ਜੇਤੂ ਕਲਾਕਾਰ ਦਾ ਉਪਨਾਮ ਹੈ। ਦਿਲਜੀਤ ਦੇ ਯੂਟਿਊਬ ਚੈਨਲ ’ਤੇ ਅੱਜ ਦੁਪਹਿਰ ਡੇਢ ਵਜੇ ਰਿਲੀਜ਼ ਕੀਤੇ ਗਏ ਆਡੀਓ ਗੀਤ ਨੂੰ ਰਾਜ ਰਣਜੋਧ ਨੇ ਲਿਖਿਆ ਹੈ ਤੇ ਸੰਗੀਤ ‘ਇੰਟੈਂਸ’ ਨੇ ਦਿੱਤਾ ਹੈ। ਇਸ ਗੀਤ ’ਚ ਦਿਲਜੀਤ ਨੇ ਰਿਹਾਨਾ ਦੇ ਦੇਸ਼ ਬਾਰਬੇਡੋਸ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਰਿਹਾਨਾ ਦੀ ਖ਼ੂਬਸੂਰਤੀ, ਪਹਿਰਾਵੇ ਤੇ ਉਸ ਦੀਆਂ ਅੱਖਾਂ ਦੀ ਤਾਰੀਫ਼ ਕੀਤੀ ਗਈ ਹੈ। ਗੀਤ ਦੇ ਬੋਲਾਂ ’ਚ ਦਿਲਜੀਤ ਨੇ ਇਸ ਪਰੀ ਨੂੰ ਧਰਤੀ ’ਤੇ ਭੇਜਣ ਲਈ ਪਰਮਾਤਮਾ ਦਾ ਧੰਨਵਾਦ ਕੀਤਾ ਹੈ। ਉਸ ਨੇ ਗਾਇਕਾ ਨੂੰ ਪਟਿਆਲਾ ਸੂਟ ਤੇ ਝਾਂਜਰ ਤੋਹਫ਼ੇ ਵਜੋਂ ਦੇਣ ਦੀ ਗੱਲ ਵੀ ਆਖੀ ਹੈ।-ਏਜੰਸੀ