ਨਵੀਂ ਦਿੱਲੀ, 24 ਨਵੰਬਰ
ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਬਗਾਵਤੀ ਸੁਰਾਂ ਉਠਾਏ ਜਾਣ ਕਾਰਨ ਪਾਰਟੀ ਵਿੱਚ ਚੱਲ ਰਹੀ ਗੜਬੜ ਦੇ ਬਾਵਜੂਦ ਗਾਂਧੀ ਪਰਿਵਾਰ ਨੇ ਇਸ ਸਬੰਧੀ ਚੁੱਪ ਧਾਰੀ ਹੋਈ ਹੈ। ਇਸ ਦੌਰਾਨ ਪਾਰਟੀ ਦੇ ਨੌਜਵਾਨ ਆਗੂਆਂ ਨੇ ਮੋਰਚਾ ਸੰਭਾਲ ਲਿਆ ਹੈ। ਉਹ ਬਾਗੀ ਹੋਏ ਆਗੂਆਂ ਨੂੰ ਲਾਂਭੇ ਕਰਨ ਲਈ ਉਨ੍ਹਾਂ ਨੂੰ ‘ਪਾਰਟੀ ਤੋੜਨ ਦੀ ਸਾਜਿਸ਼ ਘੜਨ ਵਾਲੇ’ ਕਹਿਣ ਤੋਂ ਵੀ ਨਹੀਂ ਝਿਜਕ ਰਹੇ ਹਨ।
ਹਰਿਆਣਾ ਦੇ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਦੋਸ਼ ਲਗਾਇਆ ਕਿ ਗੁਲਾਮ ਨਬੀ ਆਜ਼ਾਦ ਕਾਰਨ ਸੂਬੇ ’ਚ ਪਾਰਟੀ ਸੱਤਾ ’ਚ ਨਹੀਂ ਪਰਤ ਸਕੀ। ਉਨ੍ਹਾਂ ਕਿਹਾ, ‘‘ਤੁਹਾਡਾ ਇਤਿਹਾਸ ਕੀ ਹੈ? ਸਾਰੀ ਜ਼ਿੰਦਗੀ ਵਿੱਚ ਤੁਸੀਂ ਸਿਰਫ਼ ਤਿੰਨ ਚੋਣਾਂ ਜਿੱਤੀਆਂ ਹਨ। ਤੁਸੀਂ ਕਾਂਗਰਸ ਪਾਰਟੀ ਨੂੰ ਮਸ਼ਵਰਾ ਦੇ ਰਹੇ ਹੋ। ਤੁਸੀਂ ਗਾਂਧੀ ਪਰਿਵਾਰ ਖ਼ਿਲਾਫ਼ ਬੋਲ ਰਹੇ ਹੋ ਜਿਸ ਨੇ ਤੁਹਾਨੂੰ ਪੰਜ ਵਾਰ ਰਾਜ ਸਭਾ ਲਈ ਨਾਮਜ਼ਦ ਕੀਤਾ।’’ ਇਸੇ ਤਰ੍ਹਾਂ ਯੂਥ ਕਾਂਗਰਸ ਦੇ ਪ੍ਰਧਾਨ ਬੀ.ਵੀ. ਸ੍ਰੀਨਿਵਾਸ ਨੇ ਆਜ਼ਾਦ ’ਤੇ ਸ਼ਬਦੀ ਹਮਲਾ ਕੀਤਾ ਅਤੇ ਕਿਹਾ ਕਿ ਸੀਨੀਅਰ ਆਗੂਆਂ ਨੂੰ ਮਰਿਆਦਾ ਬਣਾ ਕੇ ਰੱਖਣੀ ਚਾਹੀਦੀ ਹੈ। ਹਾਲਾਂਕਿ ਕਾਂਗਰਸ ਅੰਦਰ ਬੈਠੇ ਲੋਕਾਂ ਦਾ ਮੰਨਣਾ ਹੈ ਕਿ ਇਹ ਇਕ ਬਾਂਹ ਮਰੋੜਨ ਵਾਲਾ ਤਰੀਕਾ ਹੈ ਕਿਉਂਕਿ ਮੌਜੂਦਾ ਸਮੇਂ ਵਿੱਚ ਚੋਣਾਂ ’ਚ ਮਿਲੀਆਂ ਹਾਰਾਂ ਕਾਰਨ ਪਾਰਟੀ ਕਮਜ਼ੋਰ ਹੋ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੀਡਰਸ਼ਿਪ ’ਤੇ ਹਮਲੇ ਕਰਨਾ ਉਨ੍ਹਾਂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਉਣਾ ਹੈ। -ਆਈਏਐੱਨਐੱਸ