ਸੋਨਭੱਦਰਾ, 2 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਇਹ ਭਾਰਤ ਦੀ ਵਧਦੀ ਤਾਕਤ ਦਾ ਹੀ ਨਤੀਜਾ ਹੈ ਕਿ ਮੁਲਕ ਜੰਗ ਦਾ ਸ਼ਿਕਾਰ ਯੂਕਰੇਨ ਵਿਚੋਂ ਆਪਣੇ ਨਾਗਰਿਕਾਂ ਨੂੰ ਕੱਢ ਸਕਿਆ ਹੈ। ਇੱਥੇ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਯੂਕਰੇਨ ਵਿਚੋਂ ਭਾਰਤੀਆਂ ਨੂੰ ਸੁਰੱਖਿਅਤ ਵਾਪਸ ਘਰ ਲਿਆਉਣ ’ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਵਿਰੋਧੀਆਂ ’ਤੇ ਨਿਸ਼ਾਨਾ ਸੇਧਦਿਆਂ ਮੋਦੀ ਨੇ ਕਿਹਾ ਕਿ ਜਿਹੜੇ ਰੱਖਿਆ ਬਲਾਂ ਦੀ ਬਹਾਦਰੀ ਅਤੇ ‘ਮੇਕ ਇਨ ਇੰਡੀਆ’ ’ਤੇ ਸਵਾਲ ਖੜ੍ਹੇ ਕਰਦੇ ਹਨ, ਉਹ ਮੁਲਕ ਨੂੰ ਮਜ਼ਬੂਤ ਨਹੀਂ ਬਣਾ ਸਕਦੇ। ਸੋਨਭੱਦਰਾ ਜ਼ਿਲ੍ਹੇ ਵਿਚ ਚੋਣਾਂ ਆਖ਼ਰੀ ਗੇੜ ’ਚ ਸੱਤ ਮਾਰਚ ਨੂੰ ਹੋਣਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਯੂਕਰੇਨ ਵਿਚੋਂ ਨਾਗਰਿਕਾਂ ਨੂੰ ਕੱਢਣਾ ਤਰਜੀਹ ਬਣਾ ਲਿਆ ਹੈ। ਮੋਦੀ ਨੇ ਕਿਹਾ ਕਿ ਅਪਰੇਸ਼ਨ ‘ਗੰਗਾ’ ਲਾਂਚ ਕੀਤਾ ਗਿਆ ਹੈ ਤੇ ਚਾਰ ਮੰਤਰੀਆਂ ਨੂੰ ਯੂਰੋਪ ਭੇਜਿਆ ਗਿਆ ਹੈ ਜੋ ਕਿ ਵਤਨ ਵਾਪਸੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਹਨ। ਫ਼ੌਜ ਤੇ ਏਅਰਫੋਰਸ ਦੀ ਵੀ ਮਦਦ ਲਈ ਜਾ ਰਹੀ ਹੈ ਤਾਂ ਕਿ ਜਲਦੀ ਤੋਂ ਜਲਦੀ ਨਾਗਰਿਕਾਂ ਨੂੰ ਦੇਸ਼ ਵਾਪਸ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੋ ਗਿਆ ਹੈ ਕਿ ਦੇਸ਼ ਆਤਮ-ਨਿਰਭਰ ਬਣੇ। ਵਿਰੋਧੀਆਂ ਨੂੰ ਘੇਰਦਿਆਂ ਮੋਦੀ ਨੇ ਕਿਹਾ ਕਿ ‘ਪਰਿਵਾਰਵਾਦੀ ਸਾਡੇ ਵੈਕਸੀਨ, ਸਾਡੀ ਫ਼ੌਜ ਤੇ ਮੇਕ ਇਨ ਇੰਡੀਆ’ ਉਤੇ ਸਵਾਲ ਉਠਾਉਂਦੇ ਹਨ। ਉਹ ਸਾਡੇ ਦੇਸ਼ ਤੇ ਲੋਕਾਂ ਨੂੰ ਸ਼ਰਮਸਾਰ ਕਰਦੇ ਹਨ, ਉਹ ਦੇਸ਼ ਨੂੰ ਮਜ਼ਬੂਤ ਨਹੀਂ ਬਣਾ ਸਕਦੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ‘ਭ੍ਰਿਸ਼ਟਾਚਾਰੀ’ ਮੁੜ ਮਜ਼ਬੂਤ ਹੋ ਗਏ ਤਾਂ ਉਹ ਫਿਰ ਤੋਂ ਕੇਂਦਰ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਭੇਜੀ ਜਾਣ ਵਾਲੀ ਰਾਸ਼ੀ ਨੂੰ ਲੁੱਟਣਾ ਸ਼ੁਰੂ ਕਰ ਦੇਣਗੇ। ਮੋਦੀ ਨੇ ਕਿਹਾ ਕਿ ਸੋਨਭੱਦਰਾ ਤੋਂ ਨਿਕਲਣ ਵਾਲੇ ਖਣਿਜਾਂ ਤੋਂ ਹੋਣ ਵਾਲੀ ਕਮਾਈ ਨੂੰ ਉੱਥੋਂ ਦੇ ਲੋਕਾਂ ਦੇ ਵਿਕਾਸ ਲਈ ਵੀ ਵਰਤਿਆ ਜਾ ਰਿਹਾ ਹੈ ਤੇ ਵੱਖਰਾ ਫੰਡ ਕਾਇਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਮਹਾਨ ਆਦਿਵਾਸੀ ਆਗੂਆਂ ਨੂੰ ਸਨਮਾਨ ਦਿੱਤਾ ਹੈ ਜਿਨ੍ਹਾਂ ਵਿਚ ਬਿਰਸਾ ਮੁੰਡਾ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਸੋਨਭੱਦਰਾ ਵਿਚ ਦੋ ਹਲਕੇ ਅਨੁਸੂਚਿਤ ਕਬੀਲਿਆਂ ਲਈ ਰਾਖ਼ਵੇਂ ਹਨ। ਪ੍ਰਧਾਨ ਮੰਤਰੀ ਨੇ ਨਾਲ ਹੀ ਕਿਹਾ ਕਿ ਸਰਕਾਰ ਛੋਟੇ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਤੇ ਜ਼ਿਲ੍ਹੇ ਵਿਚ ਦੋ ਲੱਖ ਪਰਿਵਾਰਾਂ ਦੀ ਮਾਲੀ ਮਦਦ ਕੀਤੀ ਗਈ ਹੈ।
ਮੋਦੀ ਵੱਲੋਂ ਭਲਕੇ ਵਾਰਾਨਸੀ ’ਚ ਚੋਣ ਪ੍ਰਚਾਰ ਦੀ ਸੰਭਾਵਨਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਤੇ 5 ਮਾਰਚ ਨੂੰ ਵਾਰਾਨਸੀ ਵਿਚ ਭਾਜਪਾ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨ ਆ ਸਕਦੇ ਹਨ। ਯੂਪੀ ਚੋਣਾਂ ਲਈ ਪ੍ਰਚਾਰ ਦੇ ਇਹ ਆਖ਼ਰੀ ਦੋ ਦਿਨ ਹੋਣਗੇ। ਦੌਰੇ ਦੌਰਾਨ ਪ੍ਰਧਾਨ ਮੰਤਰੀ ਕਾਸ਼ੀ ਵਿਸ਼ਵਨਾਥ ਮੰਦਰ ਵੀ ਜਾਣਗੇ ਤੇ ਪ੍ਰਾਰਥਨਾ ਕਰਨਗੇ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ਤਕਨੀਕੀ ਖੇਤਰਾਂ ’ਚ ਆਤਮ-ਨਿਰਭਰ ਬਣਨ ’ਤੇ ਜ਼ੋਰ
ਨਵੀਂ ਦਿੱਲੀ: ‘ਤਕਨੀਕ ਰਾਹੀਂ ਵਿਕਾਸ’ ਉਤੇ ਇਕ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤਕਨੀਕੀ ਖੇਤਰਾਂ ਵਿਚ ਭਾਰਤ ਦਾ ਆਤਮ-ਨਿਰਭਰ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਨੌਕਰੀਆਂ ਪੈਦਾ ਕਰਨ ਦੀ ਬਹੁਤ ਸਮਰੱਥਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਗਿਆਨ ਤੇ ਤਕਨੀਕ ਵੱਖਰਾ ਖੇਤਰ ਨਹੀਂ ਹੈ ਤੇ ਇਹ ਡਿਜੀਟਲ ਅਰਥਵਿਵਸਥਾ ਨਾਲ ਨੇੜਿਓਂ ਜੁੜਿਆ ਹੋਇਆ ਹੈ। ਇਹ ਅਤਿ-ਆਧੁਨਿਕ ਤਕਨੀਕ ਉਤੇ ਅਧਾਰਿਤ ਹੈ ਤੇ ਤੇਜ਼ੀ ਨਾਲ ਚੀਜ਼ਾਂ ਤੱਕ ਪਹੁੰਚ ਬਣਾਉਣ ’ਤੇ ਕੇਂਦਰਿਤ ਹੈ। ਇਸ ਨਾਲ ਨਾਗਰਿਕ ਸਮਰੱਥ ਹੋ ਰਹੇ ਹਨ। ਉਨ੍ਹਾਂ ਇਸ ਸੰਦਰਭ ਵਿਚ 5ਜੀ ਸੰਚਾਰ ਤਕਨੀਕ ਦਾ ਜ਼ਿਕਰ ਕੀਤਾ।
ਗ਼ੈਰਕਾਨੂੰਨੀ ਹਥਿਆਰਾਂ ਦੀ ਥਾਂ ਯੂਪੀ ਹੁਣ ਬਣਾ ਰਿਹੈ ਮਿਜ਼ਾਈਲਾਂ: ਸ਼ਾਹ
ਚੰਦੌਲੀ: ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਪਹਿਲਾਂ ਯੂਪੀ ਵਿਚ ਗੈਰਕਾਨੂੰਨੀ ਹਥਿਆਰ ਬਣਦੇ ਸਨ ਜਿਨ੍ਹਾਂ ਨਾਲ ਲੋਕਾਂ ਨੂੰ ਡਰਾਇਆ ਤੇ ਮਾਰਿਆ ਜਾਂਦਾ ਸੀ ਪਰ ਹੁਣ ਸ਼ੈੱਲ ਤੇ ਮਿਜ਼ਾਈਲਾਂ ਬਣ ਰਹੀਆਂ ਹਨ ਜਿਨ੍ਹਾਂ ਨਾਲ ਦੇਸ਼ ਦੀ ਰਾਖੀ ਹੁੰਦੀ ਹੈ। ਰੱਖਿਆ ਸਨਅਤ ਕੌਰੀਡੋਰ ਦਾ ਹਵਾਲਾ ਦਿੰਦਿਆਂ ਸ਼ਾਹ ਨੇ ਇੱਥੇ ਇਕ ਚੋਣ ਰੈਲੀ ਵਿਚ ਸੂਬੇ ’ਚ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ। ਚੰਦੌਲੀ ਵਿਚ ਚੋਣਾਂ ਸੱਤਵੇਂ ਗੇੜ ’ਚ ਸੱਤ ਮਾਰਚ ਨੂੰ ਹੋਣਗੀਆਂ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਵਿਚ ਵੱਡੇ ਬਦਲਾਅ ਆਏ ਹਨ। ਸ਼ਾਹ ਨੇ ਭਰੋਸਾ ਜਤਾਇਆ ਕਿ ਭਾਜਪਾ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰੇਗੀ। ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਉਹ 150 ਹਲਕਿਆਂ ਵਿਚ ਜਾ ਚੁੱਕੇ ਹਨ ਤੇ ਹਰ ਥਾਂ ਦਾ ਮਾਹੌਲ ਦੇਖਿਆ ਹੈ। ਚੋਣਾਂ ਦੇ ਪਹਿਲੇ ਪੰਜ ਗੇੜਾਂ ਵਿਚ ਸਪਾ ਤੇ ਬਸਪਾ ਦਾ ਸਫਾਇਆ ਹੋ ਜਾਵੇਗਾ। ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਭਾਜਪਾ ਦੀਆਂ ਸੀਟਾਂ 300 ਤੋਂ ਪਾਰ ਲਾ ਦੇਣ। ਸ਼ਾਹ ਨੇ ਕਿਹਾ ਕਿ ਯੂਪੀ ਵਿਚ ਇਕ ਜਾਂ ਦੋ ‘ਬਾਹੂਬਲੀ’ ਹੀ ਬਚੇ ਹਨ, ਉਹ ਵੀ 10 ਤੋਂ ਬਾਅਦ ਜੇਲ੍ਹ ਵਿਚ ਹੋਣਗੇ। -ਪੀਟੀਆਈ