ਨਵੀਂ ਦਿੱਲੀ, 19 ਦਸੰਬਰ
ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਕਿਹਾ ਕਿ ਅਨਪੜ੍ਹ ਲੋਕਾਂ ਨੂੰ ਅੱਖਰ ਗਿਆਨ ਦੇਣਾ ਪੜ੍ਹੇ-ਲਿਖੇ ਨੌਜਵਾਨਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਪ੍ਰਾਈਵੇਟ ਖੇਤਰ ਸਣੇ ਸਾਰੇ ਹਿੱਤਧਾਰਕਾਂ ਨੂੰ ਬਾਲਗ ਸਿੱਖਿਆ ਤੇ ਹੁਨਰਮੰਦ ਸਿਖਲਾਈ ਦੇ ਖੇਤਰ ਵਿੱਚ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਨੂੰ ਮੁਕੰਮਲ ਬਣਾਉਣ ਦੀ ਵੀ ਅਪੀਲ ਕੀਤੀ। ਹਰੇਕ ਬਾਲਗ ਨੂੰ ਸਾਖ਼ਰ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਲੋਕਾਂ ਵਿੱਚ ਡਿਜੀਟਲ ਅਤੇ ਵਿੱਤੀ ਸਾਖਰਤਾ ਵੱਲ ਧਿਆਨ ਕੇਂਦਰਿਤ ਕਰਨ ਦੀ ਲੋੜ ਬਾਰੇ ਚਾਨਣਾ ਪਾਇਆ। ਇੱਥੇ ਨਹਿਰੂ ਤੇ ਟੈਗੋਰ ਸਾਖਰਤਾ ਪੁਰਸਕਾਰ ਪ੍ਰਦਾਨ ਕਰਨ ਮਗਰੋਂ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਨਮੋਸ਼ੀਜਨਕ ਹੈ ਕਿ ਆਈਟੀ ਅਤੇ ਡਿਜੀਟਾਈਜੇਸ਼ਨ ਵਰਗੇ ਖੇਤਰਾਂ ਵਿੱਚ ਬਹੁਤ ਜ਼ਿਆਦਾ ਪ੍ਰਗਤੀ ਕਰਨ ਦੇ ਬਾਵਜੂਦ ਭਾਰਤ ਵਿੱਚ ਅਜੇ ਵੀ ਅਨਪੜ੍ਹਾਂ ਦੀ ਗਿਣਤੀ ਦੁਨੀਆ ਵਿੱਚ ਸਭ ਤੋਂ ਵੱਧ ਹੈ। ਉਪ ਰਾਸ਼ਟਰਪਤੀ ਸਕੱਤਰੇਤ ਵੱਲੋਂ ਜਾਰੀ ਅਧਿਕਾਰਿਤ ਬਿਆਨ ਮੁਤਾਬਕ, ਉਨ੍ਹਾਂ ਨੇ ਇਸ ਚੁਣੌਤੀ ਨਾਲ ਨਜਿੱਠਣ ਲਈ ਫੌਰੀ ਕਦਮ ਚੁੱਕਣ ਦਾ ਸੱਦਾ ਦਿੱਤਾ। ਉਹ ਚਾਹੁੰਦੇ ਹਨ ਕਿ ਸਾਖਰਤਾ ਮੁਹਿੰਮ ਲੋਕ ਲਹਿਰ ਬਣੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਲੋਕਾਂ ਨੂੰ ਪੜ੍ਹਾਉਣਾ ਪੜ੍ਹੇ-ਲਿਖੇ ਨੌਜਵਾਨਾਂ ਦੀ ਨਿੱਜੀ ਸਮਾਜਿਕ ਜ਼ਿੰਮੇਵਾਰੀ (ਪੀਐੱਸਆਰ) ਹੈ। ਨਾਇਡੂ ਨੇ ਕਿਹਾ, ‘‘ਪਿੰਡਾਂ ਅਤੇ ਬਸਤੀਆਂ ਦੇ ਹਰੇਕ ਪੜ੍ਹੇ-ਲਿਖੇ ਨੌਜਵਾਨ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਆਪਣੇ ਇਲਾਕੇ ਜਾਂ ਭਾਈਚਾਰੇ ਦੇ ਘੱਟੋ-ਘੱਟ ਇੱਕ ਵਿਅਕਤੀ ਨੂੰ ਲਿਖਣਾ ਕਿਵੇਂ ਹੈ, ਡਿਜੀਟਲ ਡਿਵਾਈਸ ਦੀ ਵਰਤੋਂ ਕਿਵੇਂ ਕਰਨੀ ਹੈ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਕਿਵੇਂ ਲੈਣਾ ਬਾਰੇ ਦੱਸਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ‘ਹਰੇਕ ਕਿਸੇ ਇੱਕ ਨੂੰ ਪੜ੍ਹਾਵੇ’ (ਈਚ ਵਨ-ਟੀਚ ਵਨ) ਸਿਰਫ਼ ਨਾਅਰਾ ਹੀ ਨਹੀਂ ਬਣਨਾ ਚਾਹੀਦਾ, ਸਗੋਂ ਇਹ ਨੌਜਵਾਨਾਂ ਲਈ ਪ੍ਰੇਰਨਾ ਸ਼ਕਤੀ ਵੀ ਬਣਨਾ ਚਾਹੀਦਾ ਹੈ। -ਪੀਟੀਆਈ