ਨਵੀਂ ਦਿੱਲੀ, 31 ਅਗਸਤ
ਮੁੱਖ ਅੰਸ਼
- ਚੀਨ ਨੂੰ ਪਛਾੜਿਆ; ਜੀਡੀਪੀ ਆਰਬੀਆਈ ਵੱਲੋਂ ਕੀਤੀ ਪੇਸ਼ੀਨਗੋਈ ਤੋਂ ਅਜੇ ਵੀ ਘੱਟ
ਖੇਤੀ ਤੇ ਸੇਵਾਵਾਂ ਖੇਤਰ ਵਿੱਚ ਬਿਹਤਰ ਕਾਰਗੁਜ਼ਾਰੀ ਸਦਕਾ ਦੇਸ਼ ਦੀ ਕੁੱਲ ਘਰੇਲੂ ਉੁਤਪਾਦ (ਜੀਡੀਪੀ) ਦਰ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪਰੈਲ-ਜੂਨ) ਵਿੱਚ 13.5 ਫੀਸਦ ਰਹੀ ਹੈ, ਜੋ ਪਿਛਲੀਆਂ ਚਾਰ ਤਿਮਾਹੀਆਂ ਵਿੱਚ ਸਭ ਤੋਂ ਵੱਧ ਹੈ। ਇਸ ਵਾਧੇੇ ਨਾਲ ਭਾਰਤ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਉਭਰਦਾ ਵੱਡਾ ਅਰਥਚਾਰਾ ਬਣਿਆ ਹੋਇਆ ਹੈ। ਹਾਲਾਂਕਿ ਇਹ ਅੰਕੜਾ ਆਰਬੀਆਈ ਵੱਲੋਂ ਕੀਤੀ ਪੇਸ਼ੀਨਗੋਈ (16.2 ਫੀਸਦ) ਤੋਂ ਅਜੇ ਵੀ ਘੱਟ ਹੈ। ਉਂਜ ਜੀਡੀਪੀ ਦੇ ਮਾਮਲੇ ਵਿੱਚ ਭਾਰਤ ਨੇ ਚੀਨ ਨੂੰ ਪਛਾੜ ਦਿੱਤਾ ਹੈ। ਭਾਰਤ ਦੇ ਮੁਕਾਬਲੇ 2022 ਦੀ ਪਹਿਲੀ ਤਿਮਾਹੀ ਵਿੱਚ ਚੀਨ ਦੀ ਵਿਕਾਸ ਦਰ 0.4 ਫੀਸਦ ਹੈ। ਕੌਮੀ ਅੰਕੜਾ ਵਿਭਾਗ (ਐੱਨਐੱਸਓ) ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਇਸ ਤੋਂ ਪਿਛਲੇ ਵਿੱਤੀ ਸਾਲ (2021-22) ਦੀ ਅਪਰੈਲ-ਜੂਨ ਤਿਮਾਹੀ ਵਿੱਚ ਜੀਡੀਪੀ ਦੀ ਵਿਕਾਸ ਦਰ 20.1 ਫੀਸਦ ਰਹੀ ਸੀ। 2021 ਦੀ ਜੁਲਾਈ-ਸਤੰਬਰ ਤਿਮਾਹੀ ਵਿਚ ਜੀਡੀਪੀ 8.4 ਫੀਸਦ ਜਦੋਂਕਿ ਅਕਤੂਬਰ-ਦਸੰਬਰ ਤੇ ਜਨਵਰੀ-ਮਾਰਚ 2022 ਵਿੱਚ ਇਹ ਅੰਕੜਾ ਕ੍ਰਮਵਾਰ 5.4 ਫੀਸਦ ਤੇ 4.1 ਫੀਸਦ ਰਿਹਾ ਸੀ। ਜੀਡੀਪੀ ਤੋਂ ਭਾਵ ਇਕ ਨਿਰਧਾਰਿਤ ਮਿਆਦ (ਤਿਮਾਹੀ ਜਾਂ ਵਿੱਤੀ ਸਾਲ) ਵਿੱਚ ਦੇਸ਼ ਅੰਦਰ ਉਤਪਾਦਿਤ ਸਾਰੀਆਂ ਵਸਤਾਂ ਤੇ ਸੇਵਾਵਾਂ ਦੇ ਕੁੱਲ ਮੁੱਲ ਤੋਂ ਹੈ। ਜੀਡੀਪੀ ਤੋਂ ਪਤਾ ਲੱਗਦਾ ਹੈ ਕਿ ਇਕ ਨਿਰਧਾਰਿਤ ਮਿਆਦ ਵਿਚ ਦੇਸ਼ ਵਿੱਚ ਕਿੰਨੇ ਮੁੱਲ ਦਾ ਆਰਥਿਕ ਉਤਪਾਦਨ ਹੋਇਆ ਹੈ। ਪਹਿਲੀ ਤਿਮਾਹੀ ਵਿੱਚ 13.5 ਫੀਸਦ ਦੀ ਵਿਕਾਸ ਦਰ ਭਾਰਤ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੀਤੀ 16.2 ਫੀਸਦ ਦੀ ਪੇਸ਼ੀਨਗੋਈ ਤੋਂ ਘੱਟ ਹੈ। ਐੱਨਐੱਸਓ ਨੇ ਇਕ ਬਿਆਨ ਵਿੱਚ ਕਿਹਾ, ‘‘ਸਥਿਰ ਕੀਮਤਾਂ (2011-12) ਵਿੱਚ ਅਸਲ ਜੀਡੀਪੀ 2022-23 ਦੀ ਪਹਿਲੀ ਤਿਮਾਹੀ ਵਿੱਚ 36.85 ਲੱਖ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ। ਸਾਲ ਪਹਿਲਾਂ 2021-22 ਦੀ ਇਸੇ ਤਿਮਾਹੀ ਵਿੱਚ ਇਹ ਅੰਕੜਾ 32.46 ਲੱਖ ਕਰੋੜ ਰੁਪਏ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਪਹਿਲੀ ਤਿਮਾਹੀ ਵਿੱਚ 13.5 ਫੀਸਦ ਦਾ ਵਾਧਾ ਹੋਇਆ ਹੈ।’’ ਅਸਲ ਜੀਡੀਪੀ 2020 ਵਿੱਚ ਅਪਰੈਲ-ਜੂਨ ਤਿਮਾਹੀ ਵਿੱਚ 27.03 ਲੱਖ ਕਰੋੜ ਰੁਪਏ ਸੀ। ਕਰੋਨਾਵਾਇਰਸ ਮਹਾਮਾਰੀ ਨੂੰ ਠੱਲ੍ਹਣ ਲਈ ਲਾਏ ‘ਲੌਕਡਾਊਨ’ ਕਰਕੇ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਵਿੱਚ ਜੀਡੀਪੀ ਵਿੱਚ 23.8 ਫੀਸਦ ਦਾ ਨਿਘਾਰ ਦਰਜ ਕੀਤਾ ਗਿਆ ਸੀ। ਬਿਜਲੀ, ਗੈਸ, ਜਲ ਸਪਲਾਈ ਤੇ ਹੋਰਨਾਂ ਉਪਯੋਗੀ ਸੇਵਾਵਾਂ ਦੇ ਵਰਗ ਵਿੱਚ ਵਿਕਾਸ ਦਰ 14.7 ਫੀਸਦ ਅਤੇ ਵਪਾਰ, ਹੋਟਲ, ਆਵਾਜਾਈ, ਸੰਚਾਰ ਤੇ ਪ੍ਰਸਾਰਣ ਸੇਵਾਵਾਂ ਜਿਹੇ ਖੇਤਰਾਂ ਵਿੱਚ ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ 25.7 ਫੀਸਦ ਰਹੀ। -ਪੀਟੀਆਈ
ਅਰਥਚਾਰਾ 7 ਫੀਸਦ ਦੀ ਦਰ ਨਾਲ ਵਧੇਗਾ: ਵਿੱਤ ਸਕੱਤਰ
ਨਵੀਂ ਦਿੱਲੀ: ਵਿੱਤ ਸਕੱਤਰ ਟੀ.ਵੀ.ਸੋਮਨਾਥਨ ਨੇ ਅੱਜ ਕਿਹਾ ਕਿ ਭਾਰਤੀ ਅਰਥਚਾਰਾ ਮੌਜੂਦਾ ਵਿੱਤੀ ਸਾਲ ਵਿੱਚ 7 ਫੀਸਦ ਤੋਂ ਵੱਧ ਦੀ ਵਿਕਾਸ ਦਰ ਹਾਸਲ ਕਰਨ ਵੱਲ ਵਧ ਰਿਹਾ ਹੈ। ਉਨ੍ਹਾਂ ਪਹਿਲੀ ਤਿਮਾਹੀ ਦੇ ਜੀਡੀਪੀ ਦੀ ਵਿਕਾਸ ਦਰ ਨਾਲ ਜੁੜੇ ਅੰਕੜਿਆਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਅਰਥਚਾਰਾ ਕਰੋਨਾ ਮਹਾਮਾਰੀ ਤੋਂ ਪਹਿਲਾਂ ਵਾਲੇ ਪੱਧਰ ਦੇ ਮੁਕਾਬਲੇ ਚਾਰ ਫੀਸਦ ਵੱਧ ਹੈ। ਉਨ੍ਹਾਂ ਦਰਾਮਦ ਵਧਣ ਨਾਲ ਵਿੱਤੀ ਦਬਾਅ ਪੈਣ ਨਾਲ ਜੁੜੇ ਫ਼ਿਕਰਾਂ ਨੂੰ ਦੂਰ ਕਰਦੇ ਹੋਏ ਕਿਹਾ ਕਿ ਸਰਕਾਰ ਮੌਜੂਦਾ ਵਿੱਤੀ ਸਾਲ ਵਿੱਚ ਵਿੱਤੀ ਘਾਟੇ ਨੂੰ ਜੀਡੀਪੀ ਦੇ 6.4 ਫੀਸਦ ਤੱਕ ਬਣਾ ਕੇ ਰੱਖਣ ਲਈ ਆਸਵੰਦ ਹੈ। ਉਧਰ ਆਰਥਿਕ ਮਾਮਲਿਆਂ ਬਾਰੇ ਸਕੱਤਰ ਅਜੈ ਸੇਠ ਨੇ ਕਿਹਾ ਕਿ ਅਗਸਤ ਵਿੱਚ ਜੀਐੱਸਟੀ ਕੁਲੈਕਸ਼ਨ 1.42-1.43 ਲੱਖ ਕਰੋੜ ਰੁਪਏ ਦੇ ਦਾਇਰੇ ਵਿੱਚ ਰਹਿਣ ਦਾ ਅਨੁਮਾਨ ਹੈ, ਜੋ ਅਰਥਚਾਰੇ ਵਿੱਚ ਤੇਜ਼ੀ ਦਾ ਸੰਕੇਤ ਹੈ।