ਨਵੀਂ ਦਿੱਲੀ, 27 ਜੂਨ
ਭਾਰਤ ਦੇ ਅਤਿ ਲੋੜੀਂਦੇ ਆਰਥਿਕ ਭਗੌੜੇ ਗੀਤਾਂਜਲੀ ਜੈਮਜ਼ ਦੇ ਮੇਹੁਲ ਚੋਕਸੀ ਵੱਲੋਂ ਰਾਜੀਵ ਗਾਂਧੀ ਫਾਊਂਡੇਸ਼ਨ (ਆਰਜੀਐੱਫ) ਨੂੰ ਦਾਨ ਵਜੋਂ ਫੰਡ ਦਿੱਤੇ ਜਾਂਦੇ ਰਹੇ ਹਨ। ਇਹ ਤਾਜ਼ਾ ਖੁਲਾਸਾ ਕਾਂਗਰਸ ਟਰੱਸਟ ਨੂੰ ਦਿੱਤੇ ਗਏ ਦਾਨ ਸਬੰਧੀ ਵਿਵਾਦ ਦੇ ਸਬੰਧ ਵਿੱਚ ਹੋਇਆ ਹੈ। ਇਹ ਦਾਨ ਜਿਸ ਦੀ ਰਾਸ਼ੀ ਦਾ ਖੁਲਾਸਾ ਨਹੀਂ ਕੀਤਾ ਗਿਆ, ਆਰਜੀਐੱਫ ਦੀ 2013-15 ਦੀ ਸਾਲਾਨਾ ਰਿਪੋਰਟ ਦਾ ਹਿੱਸਾ ਹੈ।
ਇਹ ਦਾਨ ਰਾਸ਼ੀ ਨਵੀਰਾਜ ਐਸਟੇਟਸ ਪ੍ਰਾਈਵੇਟ ਲਿਮਿਟਡ ਵੱਲੋਂ ਦਿੱਤੀ ਗਈ ਸੀ ਅਤੇ ਮੇਹੁਲ ਚੋਕਸੀ ਇਸ ਕੰਪਨੀ ਦੇ ਦੋ ਡਾਇਰੈਕਟਰਾਂ ਵਿੱਚੋਂ ਇਕ ਹੈ। ਹੀਰਾ ਕਾਰੋਬਾਰੀ ਮੇਹੁਲ ਚੋਕਸੀ ਪੰਜਾਬ ਨੈਸ਼ਨਲ ਬੈਂਕ ਤੇ ਹੋਰ ਬੈਂਕਾਂ ਵਿੱਚ ਹੋਈ ਧੋਖਾਧੜੀ ਦੇ ਦੋਸ਼ਾਂ ਵਿੱਚ ਭਗੌੜਾ ਹੈ।
ਹੁਣ ਖੁਲਾਸਾ ਹੋਇਆ ਹੈ ਕਿ 5,044 ਕਰੋੜ ਦਾ ਘੁਟਾਲਾ ਕਰਨ ਵਾਲਾ ਚੋਕਸੀ ਕੁੱਲ ਹਿੰਦ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਆਰਜੀਐੱਫ ਨੂੰ ਫੰਡ ਦਿੰਦਾ ਰਿਹਾ ਹੈ। ਆਰਜੀਐੱਫ ਦੀ ਸਾਲਾਨਾ ਰਿਪੋਰਟ ਅਨੁਸਾਰ ਸਾਲ 2005-06 ਵਿੱਚ ਰਾਜੀਵ ਗਾਂਧੀ ਫਾਊਂਡੇਸ਼ਨ ਨੇ ਚੀਨ ਦੀ ਪੀਪਲਜ਼ ਰਿਪਬਲਿਕ ਸਰਕਾਰ ਅਤੇ ਸਫ਼ਾਰਤਖਾਨੇ ਤੋਂ ਵੀ ਦਾਨ ਰਾਸ਼ੀ ਲਈ ਸੀ।
-ਆਈਏਐੱਨਐੱਸ
ਨੱਡਾ ਨੇ ਸੋਨੀਆ ਨੂੰ ਕੀਤੇ 10 ਸਵਾਲ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਨੇ ਅੱਜ ਰਾਜੀਵ ਗਾਂਧੀ ਫਾਊਂਡੇਸ਼ਨ ਫੰਡ ਘੁਟਾਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਲਗਾਉਂਦਿਆਂ ਕੁੱਲ ਹਿੰਦ ਕਾਂਗਰਸ ਕਮੇਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਇਸ ਨੂੰ ਪਾਪ ਕਰਾਰ ਦਿੱਤਾ। ਸ੍ਰੀ ਨੱਡਾ ਨੇ ਕਿਹਾ, ‘‘ਮੈਂ ਸੋਨੀਆ ਜੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਕਰੋਨਾਵਾਇਰਸ ਜਾਂ ਚੀਨ ਸਰਹੱਦ ’ਤੇ ਪੈਦਾ ਹੋਏ ਹਾਲਾਤ ਦੀ ਆੜ ਹੇਠ ਅਸਲ ਸਵਾਲਾਂ ਤੋਂ ਟਾਲਾ ਨਾ ਵੱਟਣ।’’ ਇਸ ਦੌਰਾਨ ਸ੍ਰੀ ਨੱਡਾ ਨੇ ਕਾਂਗਰਸ ਪ੍ਰਧਾਨ ਤੋਂ 10 ਸਵਾਲ ਪੁੱਛੇ ਜਿਸ ਦੀ ਸ਼ੁਰੂਆਤ ਉਨ੍ਹਾਂ ਇਸ ਸਵਾਲ ਤੋਂ ਕੀਤੀ, ‘‘130 ਕਰੋੜ ਲੋਕਾਂ ਦਾ ਇਹ ਦੇਸ਼ ਗਾਂਧੀ ਪਰਿਵਾਰ ਵੱਲੋਂ ਕੀਤੇ ਕੰਮਾਂ ਬਾਰੇ ਜਾਣਨਾ ਚਾਹੁੰਦਾ ਹੈ, ਤੁਸੀਂ ਆਪਣੇ ਸ਼ਾਸਨ ਦੌਰਾਨ ਕੀ ਕੰਮ ਕੀਤਾ ਅਤੇ ਤੁਸੀਂ ਲੋਕਾਂ ਨੂੰ ਧੋਖਾ ਕਿਵੇਂ ਦਿੱਤਾ?’’
-ਆਈਏਐੱਨਐੱਸ