ਨਵੀਂ ਦਿੱਲੀ, 8 ਸਤੰਬਰ
ਰਾਫਾਲ ਲੜਾਕੂ ਜਹਾਜ਼ ਵੀਰਵਾਰ ਨੂੰ ਰਸਮੀ ਤੌਰ ’ਤੇ ਭਾਰਤੀ ਏਅਰ ਫੋਰਸ ਵਿੱਚ ਸ਼ਾਮਲ ਹੋ ਜਾਵੇਗਾ। ਇਸ ਸਬੰਧੀ ਸਮਾਗਮ ਅੰਬਾਲਾ ਹਵਾਈ ਅੱਡੇ ’ਤੇ ਹੋਵੇਗਾ। ਸਮਾਗਮ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਉਨ੍ਹਾਂ ਦੇ ਫਰਾਂਸੀਸੀ ਹਮਰੁਤਬਾ ਫਲੋਰੈਂਸ ਪਾਰਲੇ ਅਤੇ ਭਾਰਤ ਦੇ ਉੱਚ ਫੌਜੀ ਅਫਸਰ ਹਿੱਸਾ ਲੈਣਗੇ। ਅਧਿਕਾਰੀਆਂ ਅਨੁਸਾਰ ਪਾਰਲੇ ਅਤੇ ਰਾਜਨਾਥ ਸਿੰਘ ਸਮਾਗਮ ਤੋਂ ਬਾਅਦ ਅੰਬਾਲਾ ਵਿੱਚ ਰੱਖਿਆ ਸਹਿਯੋਗ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਕਰਨਗੇ।
ਜਾਣਕਾਰੀ ਅਨੁਸਾਰ ਫਰਾਂਸ ਦੇ ਰੱਖਿਆ ਮੰਤਰੀ ਵੀਰਵਾਰ ਸਵੇਰੇ ਭਾਰਤ ਪੁੱਜਣਗੇ ਅਤੇ ਬਾਅਦ ਦੁਪਹਿਰੇ ਪਰਤ ਜਾਣਗੇ। ਕਾਬਿਲੇਗੌਰ ਹੈ ਕਿ ਰਾਫਾਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਤਹਿਤ ਪੰਜ ਜਹਾਜ਼ 29 ਜੁਲਾਈ ਨੂੰ ਭਾਰਤ ਪੁੱਜੇ ਸਨ। ਰਾਫਾਲ ਲੜਾਕੂ ਜਹਾਜ਼ ਭਾਰਤ ਅਤੇ ਫਰਾਂਸ ਵਿਚਾਲੇ ਸਮਝੌਤੇ ਦੇ ਲਗਪਗ ਚਾਰ ਸਾਲਾਂ ਬਾਅਦ ਭਾਰਤ ਪੁੱਜੇ ਹਨ। ਭਾਰਤ ਨੇ ਫਰਾਂਸ ਨਾਲ 59000 ਕਰੋੜ ਰੁਪਏ ਵਿੱਚ 36 ਜਹਾਜ਼ ਖਰੀਦਣ ਦਾ ਸਮਝੌਤਾ ਕੀਤਾ ਹੈ। ਦੂਜੀ ਖੇਪ ਵਿੱਚ ਚਾਰ ਤੋਂ ਪੰਜ ਜਹਾਜ਼ ਨਵੰਬਰ ਤਕ ਭਾਰਤ ਪੁੱਜਣ ਦੀ ਸੰਭਾਵਨਾ ਹੈ।– ਏਜੰਸੀ