ਮੁੰਬਈ, 23 ਅਗਸਤ
ਕੌਮੀ ਜਾਂਚ ਏਜੰਸੀ (ਐਨਆਈਏ) ਨੇ ਐਲਗਾਰ ਪ੍ਰੀਸ਼ਦ ਤੇ ਮਾਓਵਾਦੀਆਂ ਵਿਚਾਲੇ ਸਬੰਧਾਂ ਨਾਲ ਜੁੜੇ ਮਾਮਲੇ ਵਿਚ ਇੱਥੇ ਵਿਸ਼ੇਸ਼ ਅਦਾਲਤ ਅੱਗੇ ਦੋਸ਼ਾਂ ਦਾ ਖ਼ਰੜਾ ਪੇਸ਼ ਕਰਦਿਆਂ ਦਾਅਵਾ ਕੀਤਾ ਹੈ ਕਿ ਮੁਲਜ਼ਮ ਆਪਣੀ ਖ਼ੁਦ ਦੀ ਸਰਕਾਰ ਸਥਾਪਿਤ ਕਰਨਾ ਚਾਹੁੰਦੇ ਸਨ ਤੇ ‘ਮੁਲਕ ਦੇ ਵਿਰੁੱਧ ਜੰਗ ਛੇੜਨਾ ਚਾਹੁੰਦੇ ਸਨ।’ ਐਨਆਈਏ ਨੇ ਇਸੇ ਮਹੀਨੇ ਦੀ ਸ਼ੁਰੂਆਤ ਵਿਚ ਖਰੜਾ ਪੇਸ਼ ਕੀਤਾ ਸੀ ਤੇ ਇਸ ਦੀ ਨਕਲ ਅੱਜ ਉਪਲੱਬਧ ਕਰਵਾਈ ਗਈ ਹੈ। ਇਸ ਵਿਚ ਮਨੁੱਖੀ ਅਧਿਕਾਰ ਕਾਰਕੁਨਾਂ ਸਣੇ 15 ਮੁਲਜ਼ਮਾਂ ਖ਼ਿਲਾਫ਼ 17 ਦੋਸ਼ ਲਾਏ ਗਏ ਹਨ। ਇਨ੍ਹਾਂ ਵਿਰੁੱਧ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ (ਯੂਏਪੀਏ) ਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਜਾਣ ਦੀ ਬੇਨਤੀ ਕੀਤੀ ਗਈ ਹੈ।
ਐਨਆਈਏ ਨੇ ਦੋਸ਼ ਲਾਇਆ ਹੈ ਕਿ ਮੁਲਜ਼ਮ ਪਾਬੰਦੀ ਅਧੀਨ ਅਤਿਵਾਦੀ ਸੰਗਠਨ ਸੀਪੀਆਈ (ਮਾਓਇਸਟ) ਦੇ ਸਰਗਰਮ ਮੈਂਬਰ ਸਨ। ਇਸ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮਾਂ ਵਿਚ ਕਾਰਕੁਨ ਸੁਧਾ ਭਾਰਦਵਾਜ, ਵਰਨੋਨ ਗੋਂਜ਼ਾਲਵੇਸ, ਵਰਵਰਾ ਰਾਓ, ਹਨੀ ਬਾਬੂ, ਆਨੰਦ ਤੇਲਤੁੰਬੜੇ, ਸ਼ੋਮਾ ਸੇਨ, ਗੌਤਮ ਨਵਲੱਖਾ ਤੇ ਹੋਰ ਸ਼ਾਮਲ ਹਨ। ਦੋਸ਼ਾਂ ਦੇ ਖਰੜੇ ਮੁਤਾਬਕ ਮੁਲਜ਼ਮਾਂ ਦਾ ਮੁੱਖ ਮੰਤਵ ‘ਸਰਕਾਰ ਤੋਂ ਸੱਤਾ ਹਥਿਆਉਣਾ ਤੇ ਹਥਿਆਰਬੰਦ ਸੰਘਰਸ਼ ਕਰਨਾ ਅਤੇ ਕ੍ਰਾਂਤੀ ਜ਼ਰੀਏ ਜਨਤਾ ਸਰਕਾਰ (ਪੀਪਲ’ਜ਼ ਗਵਰਨਮੈਂਟ)’ ਸਥਾਪਿਤ ਕਰਨਾ ਸੀ। ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਮੁਲਜ਼ਮਾਂ ਨੇ ‘ਭਾਰਤ ਸਰਕਾਰ ਤੇ ਮਹਾਰਾਸ਼ਟਰ ਸਰਕਾਰ ਖ਼ਿਲਾਫ਼ ਯੁੱਧ ਛੇੜਨ ਦੀ ਕੋਸ਼ਿਸ਼’ ਕੀਤੀ। ਮਾਮਲੇ ਵਿਚ ਸੁਣਵਾਈ ਸ਼ੁਰੂ ਕਰਨ ਤੋਂ ਪਹਿਲਾ ਕਦਮ ਦੋਸ਼ ਤੈਅ ਕਰਨਾ ਹੈ। ਇਸ ਦੌਰਾਨ ਇਸਤਗਾਸਾ ਪੱਖ ਮੁਲਜ਼ਮਾਂ ਖ਼ਿਲਾਫ਼ ਦੋਸ਼ਾਂ ਤੇ ਸਬੂਤਾਂ ਦੀ ਜਾਣਕਾਰੀ ਦਿੰਦਾ ਹੈ। ਦੋਸ਼ ਤੈਅ ਹੋਣ ਤੋਂ ਬਾਅਦ ਅਦਾਲਤ ਮੁਲਜ਼ਮਾਂ ਤੋਂ ਪੁੱਛੇਗੀ ਕਿ ਉਹ ਮਾਮਲੇ ਵਿਚ ਆਪਣਾ ਅਪਰਾਧ ਸਵੀਕਾਰ ਕਰਦੇ ਹਨ ਜਾਂ ਨਹੀਂ। ਦੋਸ਼ਾਂ ਦੇ ਖਰੜੇ ਵਿਚ ਇਹ ਵੀ ਇਲਜ਼ਾਮ ਲਾਇਆ ਗਿਆ ਹੈ ਕਿ ਮੁਲਜ਼ਮ ਐਲਗਾਰ ਪ੍ਰੀਸ਼ਦ ਬੈਠਕ ਦੌਰਾਨ ਪੁਣੇ ਵਿਚ ਭੜਕਾਊ ਗੀਤ ਵਜਾ ਰਹੇ ਸਨ ਤੇ ਨਕਸਲੀਆਂ ਦੇ ਸਮਰਥਨ ਵਿਚ ਸਾਹਿਤ ਵੰਡ ਰਹੇ ਸਨ।
ਖਰੜੇ ਵਿਚ ਕਿਹਾ ਗਿਆ ਹੈ ‘ਅਪਰਾਧਕ ਸਾਜ਼ਿਸ਼ ਦਾ ਇਰਾਦਾ ਭਾਰਤ ਤੋਂ ਇਕ ਹਿੱਸੇ ਨੂੰ ਅਲੱਗ ਕਰਨਾ ਤੇ ਲੋਕਾਂ ਨੂੰ ਇਸ ਤਰ੍ਹਾਂ ਦੇ ਵੱਖਵਾਦ ਲਈ ਤਿਆਰ ਕਰਨਾ ਸੀ। ਇਸ ਵਿਚ ਦੋਸ਼ ਲਾਇਆ ਗਿਆ ਹੈ ਕਿ ਮੁਲਜ਼ਮਾਂ ਦਾ ਇਰਾਦਾ ਧਮਾਕਾਖੇਜ਼ ਸਮੱਗਰੀ ਦੀ ਵਰਤੋਂ ਕਰ ਕੇ ਲੋਕਾਂ ਦੇ ਮਨ ਵਿਚ ਦਹਿਸ਼ਤ ਪੈਦਾ ਕਰਨਾ ਸੀ। ਦਾਅਵਾ ਕੀਤਾ ਗਿਆ ਹੈ ਕਿ ‘ਮੁਲਜ਼ਮਾਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਸਣੇ ਵੱਖ-ਵੱਖ ’ਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਦਹਿਸ਼ਤਗਰਦ ਗਤੀਵਿਧੀਆਂ ਲਈ ਭਰਤੀ ਕੀਤਾ ਸੀ।’ -ਪੀਟੀਆਈ