ਤਿਰੂਵਨੰਤਪੁਰਮ, 15 ਸਤੰਬਰ
ਮੁੱਖ ਅੰਸ਼
- ਸਾਰੀਆਂ ਪਾਰਟੀਆਂ ’ਤੇ ਲਾਇਆ ਕਾਂਗਰਸ ਨੂੰ ਕਮਜ਼ੋਰ ਕਰਨ ਦਾ ਦੋਸ਼
ਏਆਈਸੀਸੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ਕਾਂਗਰਸ ਦੀ ‘ਭਾਰਤ ਜੋੜੋ’ ਯਾਤਰਾ ਦਾ ਮਕਸਦ ਵਿਰੋਧੀ ਧਿਰਾਂ ਨੂੰ ਇਕਜੁਟ ਕਰਨਾ ਨਹੀਂ ਬਲਕਿ ਪਾਰਟੀ ਨੂੰ ਮਜ਼ਬੂਤ ਕਰਨਾ ਹੈ। ਰਮੇਸ਼ ਨੇ ਕਿਹਾ, ‘‘ਇਹ ਯਾਤਰਾ ਕਾਂਗਰਸ ਪਾਰਟੀ ਨੂੰ ਸਾਰੇ ਪੱਧਰਾਂ ’ਤੇ ਮਜ਼ਬੂਤ ਕਰਨ ਲਈ ਹੈ। ਵਿਰੋਧੀ ਧਿਰਾਂ ਦੀ ਏਕਤਾ ਨਾਲ ਇਸ ਦਾ ਕੋਈ ਲਾਗਾ-ਦੇਗਾ ਨਹੀਂ ਹੈ। ਸਾਰੀਆਂ ਪਾਰਟੀ ਆਨੇ-ਬਹਾਨੇ ਕਾਂਗਰਸ ਨੂੰ ਕਮਜ਼ੋਰ ਕਰਨ ਉੱਤੇ ਲੱਗੀਆਂ ਹਨ। ਇਕੱਲੇ ਕਾਂਗਰਸ ਦੇ ਮਜ਼ਬੂਤ ਹੋਣ ਨਾਲ ਵਿਰੋਧੀ ਧਿਰਾਂ ਨੂੰ ਮਜ਼ਬੂਤੀ ਮਿਲੇਗੀ।’’ ਚੇਤੇ ਰਹੇ ਕਿ ‘ਭਾਰਤ ਜੋੜੋ’ ਯਾਤਰਾ ਇਸ ਵੇਲੇ ਕੇਰਲਾ ਦੇ ਕੋਲਮ ਵਿੱਚ ਹੈ। ਅੱਜ ਆਰਾਮ ਦਾ ਦਿਨ ਹੋਣ ਕਰਕੇ ਯਾਤਰਾ ਸ਼ੁੱਕਰਵਾਰ ਸਵੇਰੇ ਅੱਗੇ ਵਧੇਗੀ।
ਰਮੇਸ਼ ਨੇ ਕੇਰਲਾ ਵਿੱਚ ਸੀਪੀਐੱਮ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਹ ਭਾਜਪਾ ਦੀ ‘ਏ’ ਟੀਮ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਛੱਡ ਕੇ ਖੱਬੀਆਂ ਧਿਰਾਂ ਸਣੇ ਹੋਰਨਾਂ ਪਾਰਟੀਆਂ ਨੇ ਆਨੇ-ਬਹਾਨੇ ਭਾਜਪਾ ਨਾਲ ਹੱਥ ਮਿਲਾ ਲਏ ਹਨ। ਉਨ੍ਹਾਂ ਕਿਹਾ, ‘‘ਕੌਮੀ ਪੱਧਰ ’ਤੇ ਸੀਪੀਐੱਮ, ਕਾਂਗਰਸ ਦੀ ਹਮਾਇਤ ਕਰਨਾ ਚਾਹੁੰਦੀ ਹੈ, ਪਰ ਕੇਰਲਾ ਵਿੱਚ ਇਸ ਦੀ ਭਾਜਪਾ ਨਾਲ ਸਾਂਝ ਹੈ ਤੇ ਇਹ ਸਭ ਕੁਝ ਕਾਂਗਰਸ ਨੂੰ ਕਮਜ਼ੋਰ ਕਰਨ ਲਈ ਕੀਤਾ ਜਾ ਰਿਹੈ। ਉਨ੍ਹਾਂ ਦੇ ਸਿਖਰਲੇ ਆਗੂਆਂ (ਮੋਦੀ ਤੇ ਵਿਜਯਨ) ਨੂੰ ਵੇਖੋ, ਉਨ੍ਹਾਂ ਦੀ ਸ਼ੈਲੀ ਤੇ ਕੰਮ ਕਰਨ ਦਾ ਢੰਗ ਇਕੋ ਜਿਹਾ ਹੈ ਕਿਉਂਕਿ ਉਹ ਕਿਸੇ ਦੀ ਨਹੀਂ ਸੁਣਦੇ। ਉੱਘੇ ਕਮਿਊਨਿਸਟ ਆਗੂ ਈਐੱਮਐੱਸ ਨੰਬੂਦਰੀਪਾਦ ਨੇ ਇਕ ਵਾਰ ਕਿਹਾ ਸੀ ਕਿ ਕਾਂਗਰਸ ਨੂੰ ਹਰਾਉਣ ਲਈ ਉਹ ਸ਼ੈਤਾਨ ਨਾਲ ਵੀ ਹੱਥ ਮਿਲਾਉਣ ਲਈ ਤਿਆਰ ਹਨ ਤੇ 1989 ਵਿੱਚ ਉਨ੍ਹਾਂ ਅਜਿਹਾ ਕੀਤਾ ਵੀ।’’ ਕੇਰਲਾ ਅਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਵੀ.ਡੀ.ਸਾਥੀਸਾਨ ਨੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਾਸ਼ੀਵਾਦੀ ਵਿਚਾਰਧਾਰਾ ਬਾਰੇ ਇਤਰਾਜ਼ ਜਤਾਉਣ ਮੌਕੇ ਖੱਬੇਪੱਖੀ ਆਗੂਆਂ ਪ੍ਰੇਸ਼ਾਨ ਕਿਉਂ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਯਾਤਰਾ ਸੀਪੀਐੱਮ ਖਿਲਾਫ਼ ਨਹੀਂ ਹੈ ਤੇ ਇਹ ਭਾਰਤ ਨੂੰ ਇਕਜੁਟ ਕਰਨ ਦੇ ਵਿਚਾਰ ’ਤੇ ਆਧਾਰਿਤ ਹੈ। -ਪੀਟੀਆਈ
ਕਾਂਗਰਸ ਦੀ ਯਾਤਰਾ ਫਲਾਪ ਸ਼ੋਅ: ਏਆਈਯੂਡੀਐੱਫ
ਗੁਹਾਟੀ: ਬਦਰੂਦੀਨ ਅਜਮਲ ਦੀ ਅਗਵਾਈ ਵਾਲੇ ਆਲ ਇੰਡੀਆ ਡੈਮੋਕਰੈਟਿਕ ਫਰੰਟ (ਏਆਈਯੂਡੀਐੱਫ) ਨੇ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਨੂੰ ‘ਫਲਾਪ ਸ਼ੋਅ’ ਕਰਾਰ ਦਿੱਤਾ ਹੈ। ਫਰੰਟ ਨੇ ਕਿਹਾ ਕਿ ਮਾਰਚ ਕੰਨਿਆਕੁਮਾਰੀ ਦੀ ਥਾਂ ਗੁਜਰਾਤ ਤੋਂ ਸ਼ੁਰੂ ਕੀਤਾ ਜਾਣਾ ਚਾਹੀਦਾ ਸੀ, ਜਿੱਥੇ ਭਾਜਪਾ ਦਾ ਮਜ਼ਬੂਤ ਆਧਾਰ ਹੈ। ਏਆਈਯੂਡੀਐੱਫ ਵਿਧਾਇਕ ਤੇ ਪਾਰਟੀ ਦੇ ਜਨਰਲ ਸਕੱਤਰ ਕਰੀਮਉੱਦੀਨ ਬਾਰਭੂਈਆ ਨੇ ਕਿਹਾ, ‘‘ਕਾਂਗਰਸ ਦੀ ਭਾਰਤ ਜੋੜੋ ਯਾਤਰਾ ਫਲਾਪ ਸ਼ੋਅ ਬਣ ਕੇ ਰਹਿ ਗਈ ਹੈ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਸੱਟ ਮਾਰਨ ਲਈ ਯਾਤਰਾ ਦਾ ਆਗਾਜ਼ ਗੁਜਰਾਤ ਤੋਂ ਕੀਤਾ ਜਾਣਾ ਚਾਹੀਦਾ ਸੀ।’’ -ਏਐੱਨਆਈ