ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਫਰਵਰੀ
ਪ੍ਰਗਤੀਸ਼ੀਲ ਲੇਖਕ ਸੰਘ ਯੂ.ਕੇ. ਨੇ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਨੂੰ ਕੁਚਲਣ ਲਈ ਦਮਨਕਾਰੀ ਅਤੇ ਫਾਸ਼ੀਵਾਦੀ ਢੰਗ-ਤਰੀਕਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਲੇਖਕ ਸੰਘ ਨੇ ਕਿਸਾਨ ਆਗੂਆਂ ਅਤੇ ਬੇਕਸੂਰ ਕਿਸਾਨਾਂ ਉੱਤੇ ਝੂਠੇ ਮੁਕੱਦਮੇ ਦਰਜ ਕਰ ਕੇ ਦਹਿਸ਼ਤ ਪੈਦਾ ਕਰਨ ਦੀ ਵੀ ਆਲੋਚਨਾ ਕੀਤੀ। ਕੋਆਰਡੀਨੇਟਰ ਕੰਵਲ ਧਾਲੀਵਾਲ ਅਤੇ ਕੇਂਦਰੀ ਕਮੇਟੀ ਮੈਂਬਰ ਗੁਰਨਾਮ ਢਿੱਲੋਂ ਨੇ ਆਖਿਆ ਕਿ ਪੁਲੀਸ ਦੀ ਸ਼ਹਿ ਨਾਲ ਆਰਐੱਸਐੱਸ ਦੇ ਕਾਰਕੁਨ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਉੱਤੇ ਸ਼ਰੇਆਮ ਪੱਥਰਬਾਜ਼ੀ ਅਤੇ ਲਾਠੀਆਂ ਨਾਲ ਹਮਲੇ ਕਰ ਰਹੇ ਹਨ। ਬਹੁਤ ਸਾਰੇ ਨੌਜਵਾਨਾਂ ਨੂੰ ਝੂਠੇ ਮੁਕੱਦਮਿਆਂ ਵਿਚ ਉਲਝਾ ਕੇ ਜੇਲ੍ਹਾਂ ਵਿਚ ਸੁੱਟਿਆ ਗਿਆ ਹੈ। ਉਨ੍ਹਾਂ ਆਖਿਆ ਕਿ ਕਿਸਾਨਾਂ ਦੇ ਕੈਂਪਾਂ ਦੀ ਕੰਡਿਆਲੀਆਂ ਤਾਰਾਂ ਅਤੇ ਸੜਕਾਂ ਉੱਤੇ ਲੋਹੇ ਦੇ ਕਿੱਲੇ ਲਾ ਕੇ ਇਸ ਤਰ੍ਹਾਂ ਕਿਲੇਬੰਦੀ ਕੀਤੀ ਗਈ ਹੈ ਜਿਵੇਂ ਉਹ ਕਿਸੇ ਬੇਗਾਨੇ ਦੇਸ਼ ਦੇ ਸ਼ਹਿਰੀ ਹੋਣ। ਉਨ੍ਹਾਂ ਇੰਨਰਨੈੱਟ, ਬਿਜਲੀ ਅਤੇ ਪਾਣੀ ਦੀਆਂ ਸਹੂਲਤਾਂ ਬੰਦ ਕਰਨ ਨੂੰ ਮੰਦਭਾਗਾ ਦੱਸਿਆ ਅਤੇ ਇਸ ਵਰਤਾਰੇ ਨੂੰ ਗੈਰ ਮਨੁੱਖੀ ਕਰਾਰ ਦਿੱਤਾ।
ਸ੍ਰੀ ਧਾਲੀਵਾਲ ਅਤੇ ਸ੍ਰੀ ਢਿੱਲੋਂ ਆਖਿਆ ਕਿ ਲੇਖਕ ਸੰਘ ਦੇ ਸਾਰੇ ਮੈਂਬਰ ਕਿਸਾਨ ਅੰਦੋਲਨ ਨਾਲ ਇਕਜੁਟਤਾ ਪ੍ਰਗਟ ਕਰਦੇ ਹਨ ਅਤੇ ਭਾਰਤ ਦੀ ਭਾਜਪਾ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਅਣਮਨੁੱਖੀ ਕਾਰਵਾਈਆਂ ਬੰਦ ਕਰੇ। ਉਨ੍ਹਾਂ ਆਖਿਆ ਕਿ ਪੱਤਰਕਾਰਾਂ, ਕਿਸਾਨਾਂ ਤੇ ਕਿਸਾਨ ਆਗੂਆਂ ਉੱਤੇ ਦਰਜ ਕੀਤੇ ਮੁਕੱਦਮੇ ਵਾਪਸ ਲਾਏ ਜਾਣ ਅਤੇ ਬੇਕਸੂਰਾਂ ਨੂੰ ਜੇਲ੍ਹ ’ਚੋਂ ਤੁਰੰਤ ਰਿਹਾਅ ਕਰਕੇ ਕਾਲੇ ਕਾਨੂੰਨ ਰੱਦ ਕੀਤੇ ਜਾਣ।