ਨਵੀਂ ਦਿੱਲੀ, 15 ਜੁਲਾਈ
ਕੇਂਦਰੀ ਸਿਹਤ ਮੰਤਰਾਲੇ ਵੱਲੋਂ 75 ਦਿਨਾਂ ਦੀ ਵਿਸ਼ੇਸ਼ ਮੁਹਿੰਮ ਤਹਿਤ 18 ਤੋਂ 59 ਸਾਲ ਉਮਰ ਵਰਗ ਦੇ ਲੋਕਾਂ ਨੂੰ ਸਰਕਾਰੀ ਟੀਕਾਕਰਨ ਕੇਂਦਰਾਂ ਵਿੱਚ ਕੋਵਿਡ ਵੈਕਸੀਨ ਦੀ ਮੁਫ਼ਤ ਇਹਤਿਆਤੀ/ਬੂਸਟਰ ਖੁਰਾਕ ਲਾਉਣ ਦਾ ਅਮਲ ਅੱਜ ਤੋਂ ਸ਼ੁਰੂ ਹੋ ਗਿਆ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਥੇ ਨਿਰਮਾਣ ਭਵਨ ਵਿੱਚ ਲੱਗੇ ਟੀਕਾਕਰਨ ਕੈਂਪ ਤੋਂ ‘ਕੋਵਿਡ ਟੀਕਾਕਰਨ ਅੰਮ੍ਰਿਤ ਮਹੋਤਸਵ’ ਦੀ ਸ਼ੁਰੂਆਤ ਕੀਤੀ। ਅਧਿਕਾਰੀਆਂ ਤੇ ਹੋਰ ਸਟਾਫ਼ ਮੈਂਬਰਾਂ ਨੇ ਕੈਂਪ ਵਿੱਚ ਪੂਰੇ ਜੋਸ਼ ਨਾਲ ਸ਼ਮੂਲੀਅਤ ਕੀਤੀ ਤੇ ਕਤਾਰਾਂ ਵਿੱਚ ਖੜ੍ਹ ਕੇ ਇਹਤਿਆਤੀ ਖੁਰਾਕ ਲਵਾਈ। ਇਸ ਦੌਰਾਨ ਸਿਹਤ ਮੰਤਰਾਲੇ ਨੇ ਆਲਮੀ ਟੀਕਾਕਰਨ ਭਾਈਵਾਲ ‘ਗਾਵੀ’ ਨੂੰ ਭਾਰਤ ਲਈ ਅਲਾਟ ਕੀਤੀਆਂ ਕੋਵੀਸ਼ੀਲਡ ਦੀਆਂ 10 ਕਰੋੜ ਖੁਰਾਕਾਂ ਵਿੱਚੋਂ 5 ਕਰੋੜ ਖੁਰਾਕਾਂ ਮੁਫ਼ਤ ਵਿੱਚ ਦਿੱਤੀ ਜਾਣ ਵਾਲੀ ਕੋਵੈਕਸ ਸਹੂਲਤ ਤਹਿਤ ਸਪਲਾਈ ਕਰਨ ਲਈ ਕਿਹਾ ਹੈ। ਅਧਿਕਾਰਤ ਸੂਤਰਾਂ ਮੁਤਾਬਕ ਭਾਰਤੀ ਸੀਰਮ ਇੰਸਟੀਚਿਊਟ ਦੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਅਪਰੈਲ ਮਹੀਨੇ ਸਿਹਤ ਮੰਤਰਾਲੇ ਨੂੰ ਲਿਖੇ ਪੱਤਰ ਵਿੱਚ ‘ਗਾਵੀ’ ਵੱਲੋਂ ਮੁਫ਼ਤ ਵਿੱਚ ਦਿੱਤੀਆਂ ਜਾਣ ਵਾਲੀਆਂ ਕੋਵੀਸ਼ੀਲਡ ਦੀਆਂ 10 ਕਰੋੜ ਖੁਰਾਕਾਂ ਵਰਤੋਂ ਵਿੱਚ ਲਿਆਉਣ ਲਈ ਕਿਹਾ ਸੀ। -ਪੀਟੀਆਈ