ਨਵੀਂ ਦਿੱਲੀ, 21 ਅਗਸਤ
ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਦਾ ਅਮਲ ਅੱਜ ਤੋਂ ਸ਼ੁਰੂ ਹੋ ਗਿਆ ਹੈ। ਪਾਰਟੀ ਦੀ ਚੋਣ ਅਥਾਰਿਟੀ ਨੇ ਕਿਹਾ ਹੈ ਕਿ 20 ਸਤੰਬਰ ਤੱਕ ਨਵਾਂ ਪ੍ਰਧਾਨ ਚੁਣਨ ਦਾ ਅਮਲ ਪੂਰਾ ਹੋ ਜਾਵੇਗਾ। ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਕਾਂਗਰਸ ਪ੍ਰਧਾਨ ਦੀ ਚੋਣ ਲਈ ਅੰਤਿਮ ਤਰੀਕ ਦੀ ਪ੍ਰਵਾਨਗੀ ਕਾਂਗਰਸ ਵਰਕਿੰਗ ਕਮੇਟੀ ਨੇ ਦੇਣੀ ਹੈ ਅਤੇ ਇਹ 21 ਅਗਸਤ ਤੋਂ 20 ਸਤੰਬਰ ਵਿਚਕਾਰ ਕਿਸੇ ਵੀ ਦਿਨ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸੀਡਬਲਿਊਸੀ ਦੀ ਮੀਟਿੰਗ ਛੇਤੀ ਹੋਵੇਗੀ।
ਬਲਾਕ, ਜ਼ਿਲ੍ਹਾ ਅਤੇ ਪ੍ਰਦੇਸ਼ ਕਾਂਗਰਸ ਕਮੇਟੀ ਪੱਧਰ ਦੀਆਂ ਜਥੇਬੰਦਕ ਚੋਣਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਹ ਮੁਕੰਮਲ ਹੋ ਗਈਆਂ ਹਨ। ਉਂਜ ਮਿਸਤਰੀ ਨੇ ਕਿਹਾ ਕਿ ਚੋਣ ਅਥਾਰਿਟੀ ਵੱਲੋਂ ਏਆਈਸੀਸੀ ਡੈਲੀਗੇਟਾਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਜੋ ਪਾਰਟੀ ਪ੍ਰਧਾਨ ਦੀ ਅਹਿਮ ਚੋਣ ਦੌਰਾਨ ਵੋਟ ਪਾਉਣਗੇ। ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਅਤੇ ਪਾਰਟੀ ਆਖਦੀ ਆ ਰਹੀ ਹੈ ਕਿ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ 20 ਸਤੰਬਰ ਤੱਕ ਕਰ ਲਈ ਜਾਵੇਗੀ।
ਉਧਰ ਪਾਰਟੀ ਦੇ ਨਾਰਾਜ਼ ਧੜੇ ਜੀ-23 ਵੱਲੋਂ ਚੋਣ ਪ੍ਰਕਿਰਿਆ ਅਤੇ ਇਸ ਦੀ ਪਾਰਦਰਸ਼ਤਾ ’ਤੇ ਨੇੜਿਉਂ ਨਜ਼ਰ ਰੱਖੀ ਜਾ ਰਹੀ ਹੈ। ਮਿਸਤਰੀ ਨੇ ਭਾਵੇਂ ਚੋਣ ਅਮਲ ਤੈਅ ਸਮੇਂ ’ਤੇ ਮੁਕੰਮਲ ਕਰਨ ਦੀ ਗੱਲ ਆਖੀ ਹੈ ਪਰ ਪ੍ਰਧਾਨਗੀ ਦੇ ਸੰਭਾਵੀ ਉਮੀਦਵਾਰਾਂ ਬਾਰੇ ਕੁਝ ਵੀ ਤੈਅ ਨਹੀਂ ਹੋ ਸਕਿਆ ਹੈ ਕਿਉਂਕਿ ਰਾਹੁਲ ਗਾਂਧੀ ਅਜੇ ਤੱਕ ਮੁੜ ਪ੍ਰਧਾਨ ਨਾ ਬਣਨ ਦੀ ਇੱਛਾ ਜਤਾਉਂਦੇ ਆ ਰਹੇ ਹਨ। ਗਾਂਧੀ ਪਰਿਵਾਰ ਤੋਂ ਬਾਹਰ ਦੇ ਆਗੂ ਨੂੰ ਪ੍ਰਧਾਨ ਬਣਾਉਣ ਲਈ ਅਜੇ ਤੱਕ ਕੋਈ ਰਸਮੀ ਵਿਚਾਰ ਵਟਾਂਦਰਾ ਨਹੀਂ ਹੋਇਆ ਹੈ ਤਾਂ ਇੰਜ ਜਾਪਦਾ ਹੈ ਕਿ ਮੌਜੂਦਾ ਪ੍ਰਧਾਨ ਸੋਨੀਆ ਗਾਂਧੀ ਪ੍ਰਧਾਨਗੀ ਅਹੁਦੇ ’ਤੇ ਬਣੀ ਰਹਿ ਸਕਦੀ ਹੈ। -ਪੀਟੀਆਈ